
ਇਸ ਦੇ ਨਾਲ ਹੀ ਅਦਾਲਤ ਨੇ ਨੁਪੂਰ ਸ਼ਰਮਾ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਦਿੱਲੀ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਨਵੀਂ ਦਿੱਲੀ: ਪੈਗੰਬਰ ’ਤੇ ਵਿਵਾਦਤ ਬਿਆਨ ਦੇਣ ਲਈ ਨੁਪੂਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਝਾੜ ਪਾਈ ਹੈ। ਅਦਾਲਤ ਨੇ ਉਹਨਾਂ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਉਹਨਾਂ ਨੇ ਆਪਣੇ ਬਿਆਨ ਨਾਲ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਹੈ। ਇਸ ਨਾਲ ਹੀ ਦੇਸ਼ ਵਿਚ ਅਸ਼ਾਂਤੀ ਫੈਲ ਗਈ ਹੈ। ਅਲਦਾਤ ਨੇ ਕਿਹਾ ਕਿ ਨੁਪੁਰ ਸ਼ਰਮਾ ਅਤੇ ਉਹਨਾਂ ਦੇ ਬਿਆਨ ਨੇ ਪੂਰੇ ਦੇਸ਼ 'ਚ ਅੱਗ ਲਗਾ ਦਿੱਤੀ ਹੈ। ਉਹਨਾਂ ਦਾ ਗੁੱਸਾ ਉਦੈਪੁਰ ਵਿਖੇ ਵਾਪਰੀ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਹੈ।
ਸੁਪਰੀਮ ਕੋਰਟ ਦੀ ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਨੁਪੂਰ ਨੇ ਟੀਵੀ ’ਤੇ ਆ ਕੇ ਧਰਮ ਵਿਸ਼ੇਸ਼ ਖ਼ਿਲਾਫ਼ ਉਕਸਾਉਣ ਵਾਲੀ ਟਿੱਪਣੀ ਕੀਤੀ ਹੈ। ਉਹਨਾਂ ਨੂੰ ਇਸ ’ਤੇ ਸ਼ਰਤਾਂ ਦੇ ਨਾਲ ਹੀ ਮੁਆਫ਼ੀ ਮੰਗਣੀ ਚਾਹੀਦੀ ਹੈ, ਉਹ ਵੀ ਉਦੋਂ ਜਦੋਂ ਉਹਨਾਂ ਦੇ ਬਿਆਨ ’ਤੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਮੁਆਫੀ ਮੰਗਣ ਵਿਚ ਹੁਣ ਬਹੁਤ ਦੇਰ ਹੋ ਚੁੱਕੀ ਹੈ।
ਅਦਾਲਤ ਦੇ ਬਿਆਨ ਤੋਂ ਬਾਅਦ ਨੁਪੂਰ ਸ਼ਰਮਾ ਵੱਲੋਂ ਪੇਸ਼ ਹੋਏ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਨੁਪੂਰ ਆਪਣੇ ਬਿਆਨ ’ਤੇ ਮੁਆਫੀ ਮੰਗ ਚੁੱਕੀ ਹੈ ਅਤੇ ਉਹਨਾਂ ਨੇ ਇਸ ਨੂੰ ਵਾਪਸ ਵੀ ਲੈ ਲਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਨੁਪੂਰ ਸ਼ਰਮਾ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਦਿੱਲੀ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਬਿਆਨ ਕਾਰਨ ਦੇਸ਼ 'ਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਅਦਾਲਤ ਨੇ ਕਿਹਾ ਕਿ ਸ਼ਰਮਾ ਨੇ ਜਾਂ ਤਾਂ ਸਸਤੀ ਪਬਲੀਸਿਟੀ ਹਾਸਲ ਕਰਨ ਲਈ ਜਾਂ ਕਿਸੇ ਸਿਆਸੀ ਏਜੰਡੇ ਜਾਂ ਕਿਸੇ ਨਫ਼ਰਤ ਭਰੀ ਗਤੀਵਿਧੀ ਦੇ ਹਿੱਸੇ ਵਜੋਂ ਪੈਗੰਬਰ ਖ਼ਿਲਾਫ਼ ਟਿੱਪਣੀ ਕੀਤੀ।
ਜਸਟਿਸ ਸੂਰਿਆ ਕਾਂਤ ਅਤੇ ਜੇਬੀ ਪਾਰਦੀਵਾਲਾ ਦੀ ਦੀ ਬੈਂਚ ਨੇ ਪੈਗੰਬਰ ਵਿਰੁੱਧ ਟਿੱਪਣੀਆਂ ਲਈ ਵੱਖ-ਵੱਖ ਸੂਬਿਆਂ ਵਿਚ ਦਰਜ ਐਫਆਈਆਰਜ਼ ਨੂੰ ਇਕੱਠਾ ਕਰਨ ਲਈ ਸ਼ਰਮਾ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੱਤੀ।
ਸੁਣਵਾਈ ਦੌਰਾਨ ਬੈਂਚ ਨੇ ਕਿਹਾ, ''ਇਹ ਬਿਆਨ ਬਹੁਤ ਪ੍ਰੇਸ਼ਾਨ ਕਰਨ ਵਾਲੇ ਹਨ ਅਤੇ ਇਹਨਾਂ 'ਚ ਹੰਕਾਰ ਦੀ ਬੂ ਆਉਂਦੀ ਹੈ। ਅਜਿਹਾ ਬਿਆਨ ਦੇਣ ਦਾ ਉਸ ਦਾ ਕੀ ਮਤਲਬ ਹੈ? ਇਹਨਾਂ ਬਿਆਨਾਂ ਕਾਰਨ ਦੇਸ਼ ਵਿਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ... ਇਹ ਲੋਕ ਧਾਰਮਿਕ ਨਹੀਂ ਹਨ। ਉਹ ਦੂਜੇ ਧਰਮਾਂ ਦਾ ਸਤਿਕਾਰ ਨਹੀਂ ਕਰਦੇ। ਇਹ ਟਿੱਪਣੀਆਂ ਜਾਂ ਤਾਂ ਸਸਤੀ ਪਬਲੀਸਿਟੀ ਹਾਸਲ ਕਰਨ ਲਈ ਕੀਤੀਆਂ ਗਈਆਂ ਸਨ ਜਾਂ ਕਿਸੇ ਸਿਆਸੀ ਏਜੰਡੇ ਜਾਂ ਨਫ਼ਰਤ ਭਰੇ ਗਤੀਵਿਧੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਸਨ”।