
ਗੈਂਗਸਟਰ ਕਾਲਾ ਜਠੇੜੀ ਨਾਲ ਵੀ ਸੀ ਸੁਸ਼ੀਲ ਪਹਿਲਵਾਨ ਦੇ ਸੰਬੰਧ, IPC ਦੀਆਂ ਗੰਭੀਰ ਧਾਰਾਵਾਂ ਤਹਿਤ ਚਾਰਜਸ਼ੀਟ ਹੋਵੇਗੀ ਦਾਖ਼ਲ
ਨਵੀਂ ਦਿੱਲੀ: 7 ਲੱਖ ਦੇ ਇਨਾਮੀ ਗੈਂਗਸਟਰ ਕਾਲਾ ਜਠੇੜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਲੰਪਿਕ ਤਮਗਾ ਜੇਤੂ ਸੁਸ਼ੀਲ ਪਹਿਲਵਾਨ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਿੱਲੀ ਪੁਲਿਸ ਸੋਮਵਾਰ ਨੂੰ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ਦੇ ਖਿਲਾਫ਼ ਚਾਰਜਸ਼ੀਟ ਪੇਸ਼ ਕਰੇਗੀ। ਪਿਛਲੇ ਤਿੰਨ ਮਹੀਨਿਆਂ ਦੀ ਜਾਂਚ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਕੇਸ ਸਰਵਉੱਚਤਾ ਅਤੇ ਸੰਪਤੀ ਵਿਵਾਦ ਦੀ ਲੜਾਈ ਨਾਲ ਜੁੜਿਆ ਹੋਇਆ ਹੈ।
Sagar Dhankhar, Sushil Kumar
ਦਰਅਸਲ, 4-5 ਮਈ ਦੀ ਰਾਤ ਨੂੰ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਦੌਰਾਨ, ਸੁਸ਼ੀਲ ਨੇ ਕਾਲਾ ਜਠੇੜੀ ਦੇ ਭਤੀਜੇ ਸੰਦੀਪ ਮਹਾਲ ਦੀ ਕੁੱਟਮਾਰ ਵੀ ਕੀਤੀ ਸੀ। ਉਸ ਤੋਂ ਬਾਅਦ ਕਾਲਾ ਜਠੇੜੀ ਸੁਸ਼ੀਲ ਤੋਂ ਬਦਲਾ ਲੈਣ ਦੀ ਫਿਰਾਕ ਵਿਚ ਸੀ ਪਰ ਉਹ ਫੜਿਆ ਗਿਆ। ਇਕ ਸਮਾਂ ਸੀ ਜਦੋਂ ਸੁਸ਼ੀਲ ਅਤੇ ਕਾਲਾ ਜਠੇੜੀ ਦੋਵੇਂ ਦੋਸਤ ਸਨ। ਹੁਣ 3 ਮਹੀਨਿਆਂ ਦੀ ਜਾਂਚ ਤੋਂ ਬਾਅਦ ਦਿੱਲੀ ਪੁਲਿਸ ਦੀ ਜਾਂਚ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਸੁਸ਼ੀਲ ਦਾ ਕਈ ਗੈਂਗਸਟਰਾਂ ਨਾਲ ਗਠਜੋੜ ਸੀ। ਪੁਲਿਸ ਨੇ ਇਸ ਮਾਮਲੇ ਵਿਚ ਚਾਰਜਸ਼ੀਟ ਤਿਆਰ ਕਰ ਲਈ ਹੈ।
Sushil Kumar
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਗਰ ਪਹਿਲਵਾਨ ਦੇ ਕਤਲ ਦਾ ਕਾਰਨ ਸੁਸ਼ੀਲ ਕੁਮਾਰ ਦੀ ਪਤਨੀ ਦੇ ਫਲੈਟ ਨੂੰ ਲੈ ਕੇ ਹੋਇਆ ਵਿਵਾਦ ਸੀ, ਜਿਸ ਵਿਚ ਸਾਗਰ ਧਨਖੜ ਰਹਿੰਦਾ ਸੀ। ਇਸ ਤੋਂ ਇਲਾਵਾ ਸੁਸ਼ੀਲ ਪਹਿਲਵਾਨ ਸਾਗਰ ਨਾਲ ਬਹੁਤ ਨਾਰਾਜ਼ ਸੀ ਕਿਉਂਕਿ ਸੁਸ਼ੀਲ ਪਹਿਲਵਾਨ ਦੇ ਖੇਮੇ ਦੇ ਜੂਨੀਅਰ ਪਹਿਲਵਾਨ ਸਾਗਰ ਪਹਿਲਵਾਨ ਦੇ ਖੇਮੇ ਵਿਚ ਚਲੇ ਗਏ ਸਨ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਾਗਰ ਧਨਖੜ ਦੇ ਕਤਲ ਵਿਚ ਸੁਸ਼ੀਲ ਸਮੇਤ ਕੁੱਲ 20 ਦੋਸ਼ੀ ਹਨ, ਜਿਸ ਵਿਚ ਕ੍ਰਾਈਮ ਬ੍ਰਾਂਚ ਨੇ 15 ਨੂੰ ਗ੍ਰਿਫ਼ਤਾਰ ਕੀਤਾ ਹੈ।
Kala Jatheri
ਦੋਸ਼ੀ ਦਿੱਲੀ ਅਤੇ ਹਰਿਆਣਾ ਤੋਂ ਹਨ। ਇਸ ਮਾਮਲੇ ਵਿਚ ਪ੍ਰਵੀਨ, ਜੋਗਿੰਦਰ ਕਾਲਾ ਅਤੇ ਰਾਹੁਲ ਸਮੇਤ 5 ਲੋਕ ਅਜੇ ਵੀ ਫਰਾਰ ਹਨ। ਜਾਂਚ ਤੋਂ ਪਤਾ ਚੱਲਿਆ ਹੈ ਕਿ ਸੁਸ਼ੀਲ ਪਹਿਲਵਾਨ ਆਪਣੇ ਸਾਥੀਆਂ ਨਾਲ ਵਿਵਾਦਤ ਜ਼ਮੀਨ ਦੀ ਖਰੀਦ, ਕਬਜ਼ੇ ਅਤੇ ਜਬਰੀ ਵਸੂਲੀ ਦੇ ਰੈਕੇਟ ਵਿਚ ਸ਼ਾਮਲ ਸਨ। ਪਹਿਲਵਾਨ ਸਾਗਰ ਅਤੇ ਸੁਸ਼ੀਲ ਦੇ ਇਹ ਦੋ ਗਰੁੱਪ ਗੈਂਗਸਟਰ ਕਾਲਾ ਜਠੇੜੀ ਅਤੇ ਨੀਰਜ ਬਵਾਨੀਆ ਨਾਲ ਜੁੜੇ ਹੋਏ ਸਨ। ਪੁਲਿਸ ਨੇ ਇਸ ਮਾਮਲੇ ਵਿਚ 50 ਤੋਂ ਵੱਧ ਗਵਾਹ ਪੇਸ਼ ਕੀਤੇ ਹਨ।
Sushil Kumar
ਪੁਲਿਸ ਆਈਪੀਸੀ ਦੀਆਂ 18 ਗੰਭੀਰ ਧਾਰਾਵਾਂ ਦੇ ਅਧੀਨ ਚਾਰਜਸ਼ੀਟ ਦਾਖਲ ਕਰਨ ਜਾ ਰਹੀ ਹੈ ਜਿਸ ਵਿਚ ਕਤਲ, ਹੱਤਿਆ ਦੀ ਕੋਸ਼ਿਸ਼, ਗੰਭੀਰ ਸੱਟ, ਅਗਵਾ ਕਰਨਾ, ਦੰਗੇ, ਅਪਰਾਧਿਕ ਸਾਜ਼ਿਸ਼, ਆਰਮਜ਼ ਐਕਟ ਸ਼ਾਮਲ ਹਨ। ਫੋਰੈਂਸਿਕ ਰਿਪੋਰਟ, ਮੋਬਾਈਲ ਫ਼ੋਨ ਦੀ ਸੀਸੀਟੀਵੀ ਫੁਟੇਜ ਜਿਸ ਵਿਚ ਹਮਲੇ ਦੀ ਘਟਨਾ ਕੈਦ ਹੋਈ ਸੀ, ਛਤਰਸਾਲ ਸਟੇਡੀਅਮ ਵਿਚ ਮੌਜੂਦ ਲੋਕਾਂ ਦੇ ਬਿਆਨ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਗਏ ਹਨ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਾਗਰ ਦੀ ਮੌਤ ਕਿਸੇ ਭਾਰੀ ਚੀਜ਼ ਨਾਲ ਹਮਲਾ ਕਰਨ ਅਤੇ ਡੂੰਘੀਆਂ ਸੱਟਾਂ ਲੱਗਣ ਕਾਰਨ ਹੋਈ ਹੈ।