
ਮਿੱਥੇ ਸਮੇਂ 'ਚ ਸਕੂਲ ਸੂਚਨਾ ਨਹੀਂ ਦੇਣਗੇ, ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਸੂਬੇ ਦੇ ਉਨ੍ਹਾਂ ਸਕੂਲਾਂ 'ਤੇ ਸਖ਼ਤ ਹੋ ਗਿਆ ਹੈ, ਜਿਨ੍ਹਾਂ ਨੇ ਵਾਹੀਯੋਗ ਜ਼ਮੀਨ ਲੀਜ਼ 'ਤੇ ਦੇਣ ਦੇ ਬਾਵਜੂਦ ਅਜੇ ਤੱਕ ਅਪਣੇ ਆਮਦਨ ਖਾਤੇ ਵਿਭਾਗ ਨੂੰ ਨਹੀਂ ਭੇਜੇ। ਵਿਭਾਗ ਵਲੋਂ ਅਜਿਹੇ ਸਕੂਲਾਂ ਨੂੰ ਦੋ ਦਿਨਾਂ (ਬੁੱਧਵਾਰ ਤੱਕ) ਵਿਚ ਅਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ। ਸਕੂਲਾਂ ਨੂੰ ਇਹ ਵੇਰਵੇ ਵਿਭਾਗ ਨੂੰ ਆਨਲਾਈਨ ਮੁਹੱਈਆ ਕਰਵਾਉਣੇ ਹੋਣਗੇ।
ਮਿੱਥੇ ਸਮੇਂ 'ਚ ਸਕੂਲ ਸੂਚਨਾ ਨਹੀਂ ਦੇਣਗੇ, ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਸਕੂਲ ਪ੍ਰਿੰਸੀਪਲਾਂ ਦੀ ਹੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਸੂਬੇ ਦੇ ਕਈ ਸਕੂਲਾਂ ਕੋਲ ਵਾਹੀਯੋਗ ਜ਼ਮੀਨ ਹੈ। ਵਿਭਾਗ ਦੀ ਤਰਫ਼ੋਂ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਬੋਲੀ ਕਰਵਾ ਕੇ ਜ਼ਮੀਨ ਠੇਕੇ ’ਤੇ ਦੇਣ ਦੀ ਹਦਾਇਤ ਕੀਤੀ ਗਈ ਸੀ। ਸਕੂਲਾਂ ਨੂੰ ਸਪੱਸ਼ਟ ਆਦੇਸ਼ ਦਿਤੇ ਗਏ ਸਨ ਕਿ ਉਨ੍ਹਾਂ ਨੇ ਵਿਭਾਗ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਉਣੀ ਹੈ ਪਰ ਜਦੋਂ ਵਿਭਾਗ ਨੇ ਇਸ ਦਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਈਆਂ ਨੇ ਇਹ ਜਾਣਕਾਰੀ ਨਹੀਂ ਦਿਤੀ ਹੈ।
ਅਜਿਹੇ 'ਚ ਵਿਭਾਗ ਨੇ ਉਨ੍ਹਾਂ ਸਕੂਲਾਂ ਨੂੰ ਚਿਤਾਵਨੀ ਪੱਤਰ ਲਿਖਿਆ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਅਫਸੋਸ ਦੀ ਗੱਲ ਹੈ ਕਿ ਸਕੂਲਾਂ ਵਲੋਂ ਸਮੇਂ ਸਿਰ ਸਹੀ ਜਾਣਕਾਰੀ ਨਹੀਂ ਦਿਤੀ ਗਈ। ਅਜਿਹੇ 'ਚ ਵਿਭਾਗ ਨੂੰ ਸਾਰੇ ਸਕੂਲਾਂ ਦੇ ਵੇਰਵੇ ਇਕੱਠੇ ਕਰਨ 'ਚ ਦਿੱਕਤ ਆ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਭਵਿੱਖ ਦੀ ਯੋਜਨਾ ਬਣਾਉਣ ਵਿਚ ਮੁਸ਼ਕਲਾਂ ਆ ਰਹੀਆਂ ਹਨ।