
ਔਰਤਾਂ ਨੂੰ ਲੈ ਕੇ ਕਈ ਵਾਅਦਿਆਂ ਦਾ ਕੀਤਾ ਜ਼ਿਕਰ
ਲਖਨਊ - ਕਾਂਗਰਸ ਦੀ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਲਈ ਵੱਖਰਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ''ਉੱਤਰ ਪ੍ਰਦੇਸ਼ ਦੀਆਂ ਮੇਰੀਆਂ ਪਿਆਰੀਆਂ ਭੈਣਾਂ, ਤੁਹਾਡਾ ਹਰ ਦਿਨ ਸੰਘਰਸ਼ਾਂ ਨਾਲ ਭਰਿਆ ਹੁੰਦਾ ਹੈ। ਇਸ ਨੂੰ ਸਮਝਦੇ ਹੋਏ ਕਾਂਗਰਸ ਪਾਰਟੀ ਨੇ ਵੱਖਰਾ ਮਹਿਲਾ ਮੈਨੀਫੈਸਟੋ ਤਿਆਰ ਕਰ ਲਿਆ ਹੈ, ਇਸ ਦੇ ਨਾਲ ਹੀ ਸੂਬੇ ਦੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫ਼਼ਰ ਦਾ ਪ੍ਰਬੰਧ ਕੀਤਾ ਜਾਵੇਗਾ।
ਪ੍ਰਿਯੰਕਾ ਨੇ ਇਸ ਟਵੀਟ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ,ਜਿਸ ਵਿਚ ਔਰਤਾਂ ਨੂੰ ਲੈ ਕੇ ਕਈ ਵਾਅਦਿਆਂ ਦਾ ਜ਼ਿਕਰ ਹੈ। ਇਨ੍ਹਾਂ ਵਿਚ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣਾ, ਨਵੀਆਂ ਸਰਕਾਰੀ ਅਸਾਮੀਆਂ ਵਿਚ ਰਾਖਵੇਂਕਰਨ ਦੇ ਪ੍ਰਬੰਧਾਂ ਅਨੁਸਾਰ 40 ਫੀਸਦੀ ਅਹੁਦਿਆਂ 'ਤੇ ਔਰਤਾਂ ਦੀ ਨਿਯੁਕਤੀ, ਬੁਢਾਪਾ-ਵਿਧਵਾ ਪੈਨਸ਼ਨ 1000 ਰੁਪਏ ਪ੍ਰਤੀ ਮਹੀਨਾ ਦੇਣਾ ਅਤੇ ਸੂਬੇ ਭਰ ਵਿਚ 75 ਹੁਨਰਮੰਦ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਨਾਇਕਾਂ ਦੇ ਨਾਂ 'ਤੇ ਸਕੂਲ ਖੋਲ੍ਹਣ ਦੇ ਵਾਅਦੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਦਾ ਗੁਆਚਿਆ ਸਮਰਥਨ ਆਧਾਰ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਪ੍ਰਿਯੰਕਾ ਗਾਂਧੀ ਆਪਣੇ ਚੋਣ ਪ੍ਰਚਾਰ ਦੌਰਾਨ ਖਾਸ ਤੌਰ 'ਤੇ ਔਰਤਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ, ਉਹਨਾਂ ਨੇ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ 40 ਪ੍ਰਤੀਸ਼ਤ ਸੀਟਾਂ 'ਤੇ ਮਹਿਲਾ ਉਮੀਦਵਾਰ ਖੜ੍ਹੇ ਕਰਨ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਸਮਾਰਟ ਫੋਨ ਅਤੇ ਇਲੈਕਟ੍ਰਿਕ ਸਕੂਟੀ ਦੇਣ ਦਾ ਐਲਾਨ ਕੀਤਾ ਹੈ।