
ਪੁਲ ਡਿੱਗਣ ਕਾਰਨ ਹੋਈ 130 ਤੋਂ ਵੱਧ ਲੋਕਾਂ ਦੀ ਮੌਤ
ਨਵੀਂ ਦਿੱਲੀ : ਮੋਰਬੀ ਪੁਲ ਹਾਦਸੇ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਮੋਰਬੀ ਪੁਲ ਹਾਦਸੇ ਦੀ ਜਾਂਚ ਸ਼ੁਰੂ ਕਰਨ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਇੱਕ ਨਿਆਂਇਕ ਕਮਿਸ਼ਨ ਤੁਰੰਤ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਜਾਣ।
ਹੁਣ ਇੱਕ ਤਾਜ਼ਾ ਜਾਣਕਾਰੀ ਇਹ ਹੈ ਕਿ ਸੁਪਰੀਮ ਕੋਰਟ ਨੇ ਮੋਰਬੀ ਪੁਲ ਦੇ ਢਹਿ ਜਾਣ ਦੀ ਜਾਂਚ ਸ਼ੁਰੂ ਕਰਨ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਇੱਕ ਨਿਆਂਇਕ ਕਮਿਸ਼ਨ ਦੀ ਨਿਯੁਕਤੀ ਦੇ ਨਿਰਦੇਸ਼ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ 14 ਨਵੰਬਰ ਨੂੰ ਸੁਣਵਾਈ ਲਈ ਸਹਿਮਤੀ ਦਿਤੀ ਹੈ।
ਦੱਸਣਯੋਗ ਹੈ ਕਿ ਐਤਵਾਰ ਨੂੰ ਮੋਰਬੀ ਮੱਛੂ ਨਦੀ 'ਤੇ ਕੇਬਲ ਪੁਲ ਦੇ ਡਿੱਗਣ ਕਾਰਨ 130 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 100 ਦੇ ਕਰੀਬ ਜ਼ਖਮੀ ਹੋ ਗਏ। ਰਿਪੋਰਟਾਂ ਅਨੁਸਾਰ ਇਹ ਪੁਲ ਕਰੀਬ 8 ਮਹੀਨਿਆਂ ਤੋਂ ਰੱਖ-ਰਖਾਅ ਲਈ ਬੰਦ ਸੀ ਅਤੇ ਮੁਰੰਮਤ ਦਾ ਕੰਮ ਨਿੱਜੀ ਏਜੰਸੀ ਨੂੰ ਸੌਂਪਿਆ ਗਿਆ ਸੀ। ਗੁਜਰਾਤ ਪੁਲਿਸ ਨੇ ਪੁਲ ਢਹਿਣ ਦੇ ਦੁਖਾਂਤ ਵਿੱਚ ਆਈਪੀਸੀ ਦੀਆਂ ਧਾਰਾਵਾਂ 304 ਅਤੇ 308 ਤਹਿਤ ਇੱਕ ਆਰ.ਆਈ.ਆਰ. ਦਰਜ ਕੀਤੀ ਹੈ। ਗੁਜਰਾਤ ਸਰਕਾਰ ਨੇ ਪੁਲ ਡਿੱਗਣ ਦੀ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਵੀ ਬਣਾਈ ਹੈ।