
ਸੜਕ ਮੰਤਰਾਲੇ ਦੀ ਰੀਪੋਰਟ ਵਿਚ ਹੋਇਆ ਖੁਲਾਸਾ
People Killed in Road Accidents: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ ਸਾਲ 2022 ਵਿਚ ਕੁੱਲ 4,61,312 ਸੜਕ ਹਾਦਸੇ ਹੋਏ, ਜਿਨ੍ਹਾਂ ਵਿਚ 1,68,491 ਲੋਕਾਂ ਦੀ ਜਾਨ ਚਲੀ ਗਈ ਜਦਕਿ 4,43,366 ਲੋਕ ਜ਼ਖ਼ਮੀ ਹੋਏ। ਮੰਤਰਾਲਾ ਵਲੋਂ ਜਾਰੀ ‘ਰੋਡ ਐਕਸੀਡੈਂਟਸ ਇਨ ਇੰਡੀਆ-2022’ ਸਿਰਲੇਖ ਵਾਲੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲਾਨਾ ਆਧਾਰ ’ਤੇ ਸੜਕ ਹਾਦਸਿਆਂ ਦੀ ਗਿਣਤੀ ’ਚ 11.9 ਫ਼ੀ ਸਦੀ ਅਤੇ ਇਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ’ਚ 9.4 ਫ਼ੀ ਸਦੀ ਵਾਧਾ ਹੋਇਆ ਹੈ। ਹਾਦਸਿਆਂ ’ਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ’ਚ 15.3 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ।
ਰਿਪੋਰਟ ਮੁਤਾਬਕ 2022 ’ਚ ਦੇਸ਼ ’ਚ ਕੁੱਲ 4,61,312 ਸੜਕ ਹਾਦਸੇ ਹੋਏ, ਜਿਨ੍ਹਾਂ ’ਚੋਂ 1,51,997 ਭਾਵ 32.9 ਫ਼ੀ ਸਦੀ ਹਾਦਸੇ ਐਕਸਪ੍ਰੈਸਵੇਅ ਅਤੇ ਨੈਸ਼ਨਲ ਹਾਈਵੇਅ (ਐਨ.ਐਚ.) ’ਤੇ ਹੋਏ, ਜਦੋਂ ਕਿ 1,06,682 ਭਾਵ ਕਿ 23.1 ਫ਼ੀ ਸਦੀ ਹਾਦਸੇ ਰਾਜ ਮਾਰਗਾਂ ’ਤੇ ਵਾਪਰੇ, ਜਦਕਿ 2,02,633 ਭਾਵ 43.9 ਫ਼ੀ ਸਦੀ ਹਾਦਸੇ ਹੋਰ ਸੜਕਾਂ ’ਤੇ ਹੋਏ।
ਰਿਪੋਰਟ ਅਨੁਸਾਰ,‘‘ਸਾਲ 2022 ਵਿਚ ਕੁੱਲ 1,68,491 ਲੋਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋਈ। ਇਨ੍ਹਾਂ ਵਿਚੋਂ 61,038 ਜਾਂ 36.2 ਫ਼ੀ ਸਦੀ ਲੋਕ ਰਾਸ਼ਟਰੀ ਰਾਜ ਮਾਰਗਾਂ ’ਤੇ ਹਾਦਸਿਆਂ ਵਿਚ ਮਾਰੇ ਗਏ, 41,012 ਜਾਂ 24.3 ਫ਼ੀ ਸਦੀ ਲੋਕ ਰਾਜ ਮਾਰਗਾਂ ’ਤੇ ਅਤੇ 66,441 ਜਾਂ 39.4 ਫ਼ੀ ਸਦੀ ਲੋਕ ਹੋਰ ਸੜਕ ਹਾਦਸਿਆਂ ਵਿਚ ਮਾਰੇ ਗਏ।’’
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੀ ਇਹ ਸਾਲਾਨਾ ਰਿਪੋਰਟ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਵਿਭਾਗਾਂ ਤੋਂ ਪ੍ਰਾਪਤ ਡਾਟਾ/ਜਾਣਕਾਰੀ ’ਤੇ ਅਧਾਰਤ ਹੈ। ਇਹ ਜਾਣਕਾਰੀ ਏਸ਼ੀਆ-ਪ੍ਰਸ਼ਾਂਤ ਰੋਡ ਐਕਸੀਡੈਂਟ ਡਾਟਾ (ਏਪੀਆਰਏਡੀ) ਪ੍ਰਾਜੈਕਟ ਤਹਿਤ ਸੰਯੁਕਤ ਰਾਸ਼ਟਰ ਆਰਥਕ ਅਤੇ ਸਮਾਜਕ ਕਮਿਸ਼ਨ ਫਾਰ ਏਸ਼ੀਆ ਐਂਡ ਦ ਪੈਸੀਫਿਕ (ਯੂ.ਐਨ.ਈ.ਐਸ.ਸੀ.ਏ.ਪੀ.) ਦੁਆਰਾ ਮਾਨਕ ਰੂਪਾਂ ਵਿਚ ਇਕੱਠੀ ਕੀਤੀ ਗਈ ਹੈ।
For more news apart from 1.68 lakh people killed in 4.61 lakh accidents in 2022, stay tuned to Rozana Spokesman