
ਕਸ਼ਮੀਰ ਵਿਚ ਇਕ ਸਿੱਖ ਕੁੜੀ ਨੇ ਅਪਣੀ ਸਹੇਲੀ ਦੀ ਜਾਨ ਬਚਾਉਣ ਲਈ ਇਤਿਹਾਸਕ ਮਿਸਾਲ ਪੇਸ਼ ਕੀਤੀ ਹੈ। ਸਿੱਖ ਕੁੜੀ ਨੇ ਪਰਵਾਰ ਦੇ ਵਿਰੋਧ...
ਨਵੀਂ ਦਿੱਲੀ (ਭਾਸ਼ਾ) : ਕਸ਼ਮੀਰ ਵਿਚ ਇਕ ਸਿੱਖ ਕੁੜੀ ਨੇ ਅਪਣੀ ਸਹੇਲੀ ਦੀ ਜਾਨ ਬਚਾਉਣ ਲਈ ਇਤਿਹਾਸਕ ਮਿਸਾਲ ਪੇਸ਼ ਕੀਤੀ ਹੈ। ਸਿੱਖ ਕੁੜੀ ਨੇ ਪਰਵਾਰ ਦੇ ਵਿਰੋਧ ਦੇ ਬਾਵਜੂਦ ਅਪਣੀ ਇਕ ਮੁਸਲਮਾਨ ਸਹੇਲੀ ਦੀ ਜਾਨ ਬਚਾਉਣ ਲਈ ਉਸ ਨੂੰ ਅਪਣੀ ਇਕ ਕਿਡਨੀ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਦਰਅਸਲ ਰਾਜੌਰੀ ਦੀ ਰਹਿਣ ਵਾਲੀ ਇਕ ਮੁਸਲਿਮ ਪਰਵਾਰ ਦੀ 22 ਸਾਲਾ ਲੜਕੀ ਸਮਰੀਨ ਅਖ਼ਤਰ ਬਿਮਾਰ ਹੈ, ਜਿਸ ਨੂੰ ਕਿਡਨੀ ਦੀ ਜ਼ਰੂਰਤ ਹੈ। ਅਜਿਹੇ ਔਖੇ ਸਮੇਂ ਵਿਚ ਉਸ ਦੀ ਸਿੱਖ ਸਹੇਲੀ ਮਨਜੋਤ ਸਿੰਘ ਕੋਹਲੀ ਉਸ ਲਈ ਫ਼ਰਿਸ਼ਤਾ ਬਣ ਕੇ ਬਹੁੜੀ ਹੈ।
Kidny
23 ਸਾਲਾਂ ਦੀ ਮਨਜੋਤ ਕੋਹਲੀ ਦੇ ਪਰਵਾਰ ਵਲੋਂ ਉਸ ਦੀ ਇਸ ਇੱਛਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਦੇ ਲਈ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸਮਾਜ ਸੇਵਿਕਾ ਮਨਜੋਤ ਦਾ ਕਹਿਣੈ ਕਿ ਉਹ ਅਤੇ ਸਮਰੀਨ ਚਾਰ ਸਾਲ ਤੋਂ ਦੋਸਤ ਹਨ, ਭਲੇ ਹੀ ਮੇਰਾ ਪਰਵਾਰ ਮੇਰੇ ਫੈਸਲੇ ਦਾ ਵਿਰੋਧ ਕਰ ਰਿਹਾ ਹੈ ਪਰ ਮੈਂ ਅਪਣੇ ਫੈਸਲੇ 'ਤੇ ਕਾਇਮ ਹਾਂ। ਦੂਜੇ ਪਾਸੇ ਸਮਰੀਨ ਵੀ ਅਪਣੇ ਸਹੇਲੀ ਦੇ ਫ਼ੈਸਲੇ ਦੀ ਮੁਰੀਦ ਹੋ ਗਈ ਹੈ। ਸਮਰੀਨ ਦਾ ਕਹਿਣੈ ਕਿ ਮਨਜੋਤ ਅਦਭੁਤ ਸ਼ਖ਼ਸੀਅਤ ਦੀ ਕੁੜੀ ਹੈ ਅਤੇ ਉਸ ਨੇ ਖ਼ੁਦ ਫ਼ੋਨ ਕਰਕੇ ਅਪਣੀ ਕਿਡਨੀ ਡੋਨੇਟ ਕਰਨ ਦੀ ਇੱਛਾ ਜ਼ਾਹਿਰ ਕੀਤੀ।
Manjot Singh Kohli
ਫਿਰ ਮਿਲ ਕੇ ਖ਼ੁਦ ਇਸ ਦੇ ਲਈ ਅਪਣੀ ਸਹਿਮਤੀ ਦਿਤੀ। ਕਿਡਨੀ ਡੋਨੇਟ ਅਤੇ ਕੋਹਲੀ ਦੇ ਪਰਵਾਰ ਦੇ ਵਿਰੋਧ ਦੇ ਵਿਚਕਾਰ ਸਮਰੀਨ ਅਤੇ ਮਨਜੋਤ ਨੇ ਸ਼ੇਰ-ਏ-ਕਸ਼ਮੀਰ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਦੇ ਡਾਕਟਰਾਂ ਦੇ ਰਵਈਏ 'ਤੇ ਸਵਾਲ ਚੁੱਕੇ ਹਨ। ਦੋਵਾਂ ਦਾ ਕਹਿਣੈ ਕਿ ਸਬੰਧਤ ਅਥਾਰਟੀ ਨੇ ਭਾਵੇਂ ਕਿਡਨੀ ਡੋਨੇਟ ਨੂੰ ਹਰੀ ਝੰਡੀ ਦੇ ਦਿਤੀ ਹੈ ਪਰ ਫਿਰ ਵੀ ਸਰਜਰੀ ਵਿਚ ਦੇਰੀ ਹੋ ਰਹੀ ਹੈ। ਅਜਿਹੇ ਵਿਚ ਹੁਣ ਮਨਜੋਤ ਨੇ ਅਦਾਲਤ ਕੋਲ ਇਸ ਦੇ ਲਈ ਆਗਿਆ ਦੇਣ ਦੀ ਗੁਹਾਰ ਲਗਾਈ ਹੈ।
Manjot Singh Kohli
ਮਨਜੋਤ ਵਲੋਂ ਦੋਸਤੀ ਲਈ ਕੀਤੇ ਜਾ ਰਹੇ ਇਸ ਕਾਰਜ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋ ਰਹੀ ਹੈ, ਕਿਉਂਕਿ ਇਸ ਨਾਲ ਦੋ ਸਹੇਲੀਆਂ ਦੀ ਦੋਸਤੀ ਨਹੀਂ ਬਲਕਿ ਦੋ ਕੌਮਾਂ ਦੀ ਦੋਸਤੀ ਵੀ ਹੋਰ ਗੂੜ੍ਹੀ ਹੋਵੇਗੀ।