
ਹਰਭਜਨ ਮਾਨ ਤੇ ਕੰਵਰ ਗਰੇਵਾਲ ਸਣੇ ਕਈ ਕਲਾਕਾਰ ਦਿੱਲੀ ਪੁੱਜੇ
ਚੰਡੀਗੜ੍ਹ: ਨੀਲ ਭਿਦਰ ਸਿੰਘ,ਸੁਖਜਿੰਦਰ ਮਾਨ : ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਬਿਜਲੀ ਸੋਧ ਬਿਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਵਾਉਣ ਤਕ ਸੰਘਰਸ਼ ਜਾਰੀ ਰਖਿਆ ਜਾਵੇਗਾ। ਇਹ ਐਲਾਨ ਅੱਜ ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਟਿਗਰੀ ਬਾਰਡਰ ਉਤੇ ਲੱਗੇ ਮੋਰਚੇ ’ਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
photoਉਨ੍ਹਾਂ ਆਖਿਆ ਕਿ ਉਹ ਕਿਸਾਨੀ ਫ਼ਸਲਾਂ ਲਈ ਸਿਰਫ਼ ਘੱਟੋ-ਘੱਟ ਸਮਰਥਨ ਮੁੱਲ ਹੀ ਲੈਣ ਨਹੀਂ ਆਏ ਸਗੋਂ ਕਿਸਾਨ ਵਿਰੋਧੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਸਾਰੇ ਸੂਬਿਆਂ ਵਿਚ ਸਾਰੀਆਂ ਫ਼ਸਲਾਂ ਲਈ ਇਸ ਘੱਟੋ-ਘੱਟ ਖ਼ਰੀਦ ਮੁੱਲ ’ਤੇ ਮੁਕੰਮਲ ਖ਼ਰੀਦ ਨੂੰ ਕਾਨੂੰਨੀ ਸੰਵਿਧਾਨਕ ਦਰਜਾ ਦਿਵਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਵੀ ਕਾਨੂੰਨੀ ਦਰਜਾ ਦਿਵਾਉਣ ਲਈ ਮੈਦਾਨ ’ਚ ਨਿੱਤਰੇ ਹਨ।
photoਉਨ੍ਹਾਂ ਆਖਿਆ ਕਿ ਉਹ ਵਿਸ਼ਾਲ ਜਨਤਕ ਤਾਕਤ ਦੇ ਜ਼ੋਰ ਲੰਮਾਂ ਦਮ ਰਖ ਕੇ ਲੜਨ ਦੀ ਤਿਆਰੀ ਨਾਲ ਦਿੱਲੀ ਦੇ ਬਾਰਡਰ ’ਤੇ ਪੁੱਜੇ ਹਨ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਅਤੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ ਜਿਸ ਨੇ ਇਕ ਪਾਸੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਅਤੇ ਦੂਜੇ ਪਾਸੇ ਉਨ੍ਹਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦਾ ਹੱਲਾ ਬੋਲ ਰਖਿਆ ਹੈ।
Modi and Amit Shahਅੱਜ ਦੀ ਸਟੇਜ ਤੋਂ ਉੱਘੇ ਕਲਾਕਾਰ ਹਰਭਜਨ ਮਾਨ, ਕੰਵਰ ਗਰੇਵਾਲ, ਹਰਫ਼ ਚੀਮਾਂ, ਮਲਕੀਤ ਸਿੰਘ ਰੌਣੀ, ਕਰਮਜੀਤ ਅਨਮੋਲ ਤੋਂ ਇਲਾਵਾ ਇਕੱਤਰ ਸਿੰਘ ਦੀ ਨਿਰਦੇਸ਼ਨਾ ਵਾਲੀ ਨਾਟਕ ਟੀਮ ਵਲੋਂ ਆਪੋ-ਅਪਣੇ ਵਿਚਾਰ, ਗੀਤ ਅਤੇ ਨਾਟਕ ਪੇਸ਼ ਕੀਤੇ ਗਏ।