
ਪੀ. ਆਰ. ਟੀ. ਸੀ. ਦੀ ਬੱਸ ਅਤੇ ਪਿਕਅਪ ਵੈਨ ਵਿਚਾਲੇ ਹੋਈ ਟੱਕਰ 'ਚ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਕੰਡਕਟਰ ਜ਼ਖ਼ਮੀ ਹੋ ਗਿਆ।
ਘਨੌਰ- ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਠੰਡ ਦੌਰਾਨ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਿਚਕਾਰ ਅੱਜ ਤਾਜਾ ਮਾਮਲਾ ਘਨੌਰ ਤੋਂ ਸਾਹਮਣੇ ਆਇਆ ਹੈ ਜਿਸ 'ਚ ਘਨੌਰ ਤੋਂ ਬਹਾਦਰਗੜ੍ਹ ਸੜਕ 'ਤੇ ਪਿੰਡ ਭੱਟਮਾਜਰਾ ਨੇੜੇ ਬੱਸ ਅਤੇ ਪਿਕਅਪ ਵੈਨ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਪੀ. ਆਰ. ਟੀ. ਸੀ. ਦੀ ਬੱਸ ਅਤੇ ਪਿਕਅਪ ਵੈਨ ਵਿਚਾਲੇ ਹੋਈ ਟੱਕਰ 'ਚ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਕੰਡਕਟਰ ਜ਼ਖ਼ਮੀ ਹੋ ਗਿਆ।
ਦੱਸਣਯੋਗ ਹੈ ਕਿ ਪਟਿਆਲਾ ਤੋਂ ਦਿੱਲੀ ਜਾਣ ਵਾਲੀ ਪੀ. ਆਰ. ਟੀ. ਸੀ. ਦੀ ਬੱਸ ਤਿੰਨ ਸਵਾਰੀਆਂ ਲੈ ਕੇ ਸਵੇਰੇ 6.40 ਵਜੇ ਪਟਿਆਲਾ ਬੱਸ ਸਟੈਂਡ ਤੋਂ ਚੱਲੀ ਸੀ ਅਤੇ ਇਸ ਬੱਸ ਨੇ ਵਾਇਆ ਘਨੌਰ ਹੋ ਕੇ ਦਿੱਲੀ ਜਾਣੀ ਸੀ। ਧੁੰਦ ਦੇ ਕਾਰਨ ਘਨੌਰ ਤੋਂ ਬਹਾਦਰਗੜ੍ਹ ਸੜਕ 'ਤੇ ਪਿੰਡ ਭੱਟਮਾਜਰਾ ਨੇੜੇ ਬੱਸ ਅਤੇ ਪਿਕਅਪ ਵੈਨ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਪਿਕਅਪ ਗੱਡੀ 'ਚ ਲੱਦੇ ਬਾਂਸ ਬੱਸ ਦੇ ਸ਼ੀਸ਼ੇ ਨੂੰ ਤੋੜਦੇ ਹੋਏ ਡਰਾਈਵਰ ਦੇ ਵੱਜੇ, ਜਿਸ ਦੀ ਉਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ ਹਨ।
ਮਿਲੀ ਜਾਣਕਾਰੀ ਦੇ ਮੁਤਾਬਿਕ ਬੱਸ ਵਿਚ ਹਾਦਸੇ ਦੌਰਾਨ ਤਿੰਨ ਸਵਾਰੀਆਂ ਵਾਲ-ਵਾਲ ਬਚ ਗਈਆਂ। ਮ੍ਰਿਤਕ ਬੱਸ ਚਾਲਕ ਦੀ ਪਹਿਚਾਣ 48 ਸਾਲਾ ਏਕਮ ਸਿੰਘ ਪੁੱਤਰ ਭਾਮ ਸਿੰਘ ਵਾਸੀ ਦੀਪ ਨਗਰ ਪਟਿਆਲਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।