
ਸੱਦੇ ਤਹਿਤ ਦੇਸ਼ ਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਰੋਕੇ ਜਾਣਗੇ- ਕਿਸਾਨ ਆਗੂ
ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਬੀਤੇ ਦਿਨ ਹੋਈ ਬੈਠਕ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਫੈਸਲਾ ਲੈਂਦਿਆਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ ਚੱਕਾ ਜਾਮ ਦਾ ਐਲਾਨ ਕੀਤਾ। ਇਸ ਸਬੰਧੀ ਗੱਲ ਕਰਦਿਆਂ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਕੇਂਦਰੀ ਬਜਟ ਤੋਂ ਉਹਨਾਂ ਨੂੰ ਕੋਈ ਖ਼ਾਸ ਉਮੀਦ ਨਹੀਂ ਸੀ।
Darshanpal Singh
ਇਸ ਤੋਂ ਇਲਾਵਾ 26 ਜਨਵਰੀ ਤੋਂ ਬਾਅਦ ਕਈ ਨੌਜਵਾਨ ਲਾਪਤਾ ਹਨ। ਧਰਨੇ ਵਾਲੀਆਂ ਥਾਵਾਂ ਨੂੰ ਘੇਰ ਕੇ ਕਿਸਾਨਾਂ ਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਬਾਰਡਰਾਂ ‘ਤੇ ਬਿਜਲੀ, ਪਾਣੀ ਤੋਂ ਇਲਾਵਾ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਜਦੋਂ ਸਰਕਾਰ ਸਾਡੇ ਕੋਲੋਂ ਮਨੁੱਖੀ ਅਧਿਕਾਰ ਖੋਹ ਰਹੀ ਹਾਂ ਤਾਂ ਇਕੋ ਰਸਤਾ ਹੈ ਕਿ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇ।
Darshanpal Singh
ਇਸ ਦੇ ਚਲਦਿਆਂ 6 ਫ਼ਰਵਰੀ ਨੂੰ 12 ਤੋਂ 3 (ਤਿੰਨ ਘੰਟੇ) ਦਾ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਤਹਿਤ ਦੇਸ਼ ਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਰੋਕੇ ਜਾਣਗੇ। ਆਮ ਲੋਕਾਂ ਲਈ ਛੋਟੇ ਰਾਹ ਖੁੱਲ਼੍ਹੇ ਰਹਿਣਗੇ। ਦਰਸ਼ਨਪਾਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਬਜਟ ਦੀ ਰਾਸ਼ੀ ਵਿਚ ਕਟੌਤੀ ਕੀਤੀ ਗਈ ਹੈ। ਖੇਤੀ ਪਹਿਲਾਂ ਤੋਂ ਹੀ ਸੰਕਟ ਵਿਚ ਸੀ ਤੇ ਹੁਣ ਹੋਰ ਸੰਕਟ ਵਿਚ ਚਲੀ ਜਾਵੇਗੀ।
Farmers Protest
ਕਿਸਾਨ ਆਗੂ ਦਾ ਕਹਿਣਾ ਹੈ ਕਿ 26 ਜਨਵਰੀ ਤੋਂ ਬਾਅਦ ਲਾਪਤਾ ਨੌਜਵਾਨਾਂ ਨੂੰ ਲੈ ਕੇ ਜਥੇਬੰਦੀਆਂ ਕਾਫੀ ਚਿੰਤਤ ਅਤੇ ਗੁੱਸੇ ਵਿਚ ਹਨ। ਕਿਸਾਨ ਜਥੇਬੰਦੀਆਂ ਵੱਲ਼ੋਂ ਬਣਾਈ ਗਈ ਕਮੇਟੀ ਦੀ ਸੂਚੀ ਮੁਤਾਬਕ ਕੁੱਲ਼ 122 ਵਿਅਕਤੀ ਲਾਪਤਾ ਹਨ। ਸਰਕਾਰ ਨੇ ਵੀ ਅਪਣੀ ਵੈੱਬਸਾਈਟ ‘ਤੇ ਗ੍ਰਿਫ਼ਤਾਰ ਵਿਅਕਤੀਆਂ ਦੀ ਸੂਚੀ ਅਪਲੋਡ ਕੀਤੀ ਹੈ। ਇਹਨਾਂ ਕਿਸਾਨਾਂ ਦੀ ਮਦਦ ਲਈ ਵੱਖ-ਵੱਖ ਰਾਜਾਂ ਦੀ ਸਾਂਝੀ ਕਮੇਟੀ ਬਣਾਈ ਗਈ ਹੈ।