
ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰ ਮੋਦੀ ਵੱਲੋਂ ਬੰਗਾਲ ਤੇ ਅਸਾਮ 'ਚ ਰੈਲੀਆਂ ਦਾ ਹੜ੍ਹ
ਨਵੀਂ ਦਿੱਲੀ : ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਦਾ ਘੇਰਾ ਦਿਨੋ-ਦਿਨ ਮੋਕਲਾ ਹੁੰਦਾ ਜਾ ਰਿਹਾ ਹੈ। ਸਰਕਾਰ ਨਾਲ ਗੱਲਬਾਤ ਦੀ ਖੜੋਤ ਤੋਂ ਬਾਅਦ ਮਹਾਂਪੰਚਾਇਤਾਂ ਦਾ ਘੇਰਾ ਦੇਸ਼-ਵਿਆਪੀ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦਾ ਧਿਆਨ ਅੰਦੋਲਨ ਨੂੰ ਅਣਗੋਲਿਆ ਕਰਦਿਆਂ ਚੋਣ ਪ੍ਰਚਾਰ ਵੱਲ ਵਧੇਰੇ ਜਾਪ ਰਿਹਾ ਹੈ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸੱਤਾਧਾਰੀ ਧਿਰ ਨੇ ਚੋਣ ਪ੍ਰਚਾਰ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਵਾਲੇ ਸੂਬਿਆਂ ਅੰਦਰ ਦਰਜਨਾਂ ਵੱਡੀਆਂ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
BJP Leadership
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਲ 'ਚ 20 ਰੈਲੀਆਂ ਜਦੋਂਕਿ ਗੁਆਂਢੀ ਸੂਬੇ ਅਸਾਮ 'ਚ 6 ਰੈਲੀਆਂ ਕਰਨ ਜਾ ਰਹੇ ਹਨ। ਖਬਰਾਂ ਮੁਤਾਬਕ ਪਾਰਟੀ ਦੇ ਬੰਗਾਲ ਯੂਨਿਟ ਨੇ ਪ੍ਰਧਾਨ ਮੰਤਰੀ ਦੀਆਂ 25 ਤੋਂ 30 ਰੈਲੀਆਂ ਦੀ ਮੰਗ ਰੱਖੀ ਸੀ ਜਿਨ੍ਹਾਂ ਵਿਚੋਂ ਫਿਲਹਾਲ 20 ਰੈਲੀਆਂ ਨੂੰ ਮਨਜ਼ੂਰੀ ਮਿਲੀ ਹੈ। ਇਨ੍ਹਾਂ ਚੋਣ ਰੈਲੀਆਂ ਦੀ ਸ਼ੁਰੂਆਤ 7 ਮਾਰਚ ਨੂੰ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਤੋਂ ਹੋਵੇਗੀ। ਹੋਰ ਰੈਲੀਆਂ ਲਈ ਥਾਂ ਤੇ ਸਮਾਂ ਅਜੇ ਤੈਅ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਬੰਗਾਲ ਵਿਚ 50-50 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
BJP Trimool
ਕਾਬਲੇਗੌਰ ਹੈ ਕਿ ਹਾਲ ਹੀ ਵਿਚ ਕਾਂਗਰਸ ਤੇ ਖੱਬੇਪੱਖੀਆਂ ਦੀ ਬ੍ਰਿਗੇਡ ਮੈਦਾਨ ਵਿਚ ਇਕ ਵਿਸ਼ਾਲ ਰੈਲੀ ਹੋਈ ਸੀ। ਇਸ ਰੈਲੀ ਵਿਚ ਇਕੱਠੀ ਹੋਈ ਭੀੜ ਨੇ ਸਾਰਿਆਂ ਦਾ ਧਿਆਨ ਵੱਲ ਖਿੱਚਿਆ ਸੀ। 7 ਮਾਰਚ ਨੂੰ ਮੋਦੀ ਦੀ ਰੈਲੀ ਨੂੰ ਸੁਪਰਹਿੱਟ ਬਣਾਉਣ ਲਈ ਭਾਜਪਾ ਆਗੂ ਅਤੇ ਵਰਕਰ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ। ਭਾਜਪਾ ਦਾ ਟੀਚਾ ਲਗਪਗ 10 ਲੱਖ ਲੋਕਾਂ ਨੂੰ ਬ੍ਰਿਗੇਡ ਮੈਦਾਨ ਵਿਚ ਲਿਆਉਣਾ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਘਰ-ਘਰ ਜਾ ਕੇ ਮੁਹਿੰਮ ਚਲਾ ਰਹੀ ਹੈ।
Narinder Modi
ਦੂਜੇ ਪਾਸੇ ਕਿਸਾਨੀ ਅੰਦੋਲਨ ਕਾਰਨ ਇਨ੍ਹਾਂ ਚੋਣਾਂ ਦੀ ਅਹਿਮੀਅਤ ਬਹੁਤ ਵੱਧ ਗਈ ਹੈ। ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਸਿਰਫ ਇਕ ਖਿੱਤੇ ਦਾ ਅੰਦੋਲਨ ਕਿਹਾ ਜਾਂਦਾ ਰਿਹਾ ਹੈ ਜਦਕਿ ਕਿਸਾਨ ਜਥੇਬੰਦੀਆਂ ਅੰਦੋਲਨ ਦਾ ਫੈਲਾਅ ਦੇਸ਼-ਵਿਆਪੀ ਹੋਣ ਦਾ ਦਮ ਭਰਦੀਆਂ ਹਨ। ਜੇਕਰ ਭਾਜਪਾ ਇਨ੍ਹਾਂ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਇਹ ਉਸ ਦੇ ਦਾਅਵਿਆਂ ਨੂੰ ਪੁਖਤਾਈ ਪ੍ਰਦਾਨ ਕਰ ਸਕਦਾ ਹੈ। ਇਹ ਚੋਣਾਂ ਕਿਸਾਨੀ ਅੰਦੋਲਨ ਦੀ ਸਫਲਤਾ/ਅਸਫਲਤਾ ਦਾ ਪੈਮਾਨਾ ਵੀ ਤੈਅ ਕਰ ਸਕਦੀਆਂ ਹਨ।
Farmer Leaders
ਇਸ ਤੋਂ ਇਲਾਵਾ ਇਹ ਚੋਣਾਂ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਭਵਿੱਖੀ ਰੂਪ-ਰੇਖਾ ਵੀ ਰੂਪਮਾਨ ਕਰ ਸਕਦੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਵੀ ਇਨ੍ਹਾਂ ਚੋਣਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੱਛਮੀ ਬੰਗਾਲ ਸਮੇਤ ਚੋਣਾਂ ਵਾਲੇ ਸੂਬਿਆਂ ਵਿਚ ਸਰਗਰਮੀ ਵਧਾਉਣ ਲਈ ਵਿਸ਼ੇਸ਼ ਵਿਉਤਬੰਦੀ ਕੀਤੀ ਜਾ ਰਹੀ ਹੈ। ਆਉਂਦੇ ਦਿਨਾਂ ਦੌਰਾਨ ਇਹ ਸੂਬੇ ਸਿਆਸੀ ਸਰਗਰਮੀਆਂ ਦਾ ਗੜ੍ਹ ਬਣ ਸਕਦੇ ਹਨ। ਇਸ ਕਾਰਨ ਪੰਜ ਸੂੂਬਿਆਂ ਦੀਆਂ ਚੋਣਾਂ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ।