
ਪਾਰਟੀ ’ਚੋਂ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਸਾੜਿਆ ਆਜ਼ਾਦ ਦਾ ਪੁਤਲਾ
ਜੰਮੂ : ਕਾਂਗਰਸ ਵਰਕਰਨਾਂ ਨੇ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦਾ ਇਥੇ ਮੰਗਲਵਾਰ ਨੂੰ ਪੁਤਲਾ ਸਾੜਿਆ ਅਤੇ ਉਨ੍ਹਾਂ ’ਤੇ ਅਪਣੇ ‘‘ਨਿਜੀ ਹਿਤਾਂ’’ ਲਈ ਪਾਰਟੀ ਨੂੰ ਕਮਜ਼ੋਰ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕਾਂਗਰਸ ਵਿਰੁਧ ਸਾਜ਼ਸ਼ ਰਚਨ ਦਾ ਦੋਸ਼ ਲਾਇਆ। ਇਨ੍ਹਾਂ ਕਾਂਗਰਸ ਵਰਕਰਾਂ, ਖ਼ਾਸਕਰ ਯੂਥ ਵਰਕਰਾਂ ਨੇ ਆਜ਼ਾਦ ਨੂੰ ਪਾਰਟੀ ਤੋਂ ਕੱਢੇ ਜਾਣ ਦੀ ਮੰਗ ਕੀਤੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਵਿਰੁਧ ਅਪਣੀ ਤਰ੍ਹਾਂ ਦਾ ਇਹ ਪਹਿਲਾ ਪ੍ਰਦਰਸ਼ਨ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਆਜ਼ਾਦ ਦਾ ਰਾਜਸਭਾ ਮੈਂਬਰ ਵਜੋਂ ਕਾਰਜਕਾਲ ਪੂਰਾ ਹੋਣ ’ਤੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਕੁੱਝ ‘ਜੀ-23’ ਆਗੂਆਂ ਨੇ ਇਕ ਰੈਲੀ ਨੂੰ ਸੰਬੋਧਿਤ ਕੀਤਾ ਸੀ।
Ghulam Nabi Azad
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਪਾਰਟੀ ਨੂੰ ਸੰਦੇਸ਼ ਦੇਣ ਲਈ ਅਪਣੀ ਤਾਕਤ ਦਿਖਾਉਣ ਦਾ ਤਰੀਕਾ ਸੀ। ਕਾਂਗਰਸ ਨੇ 23 ਆਗੂਆਂ ਨੇ ਪਿਛਲੇ ਸਾਲ ਅਗਸਤ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਅਤੇ ਪਾਰਟੀ ’ਚ ਸੰਗਠਨਾਤਮਕ ਤਬਦੀਲੀ ਕਰਨ ਦੇ ਨਾਲ ਹੀ ਪੱਕੇ ਤੌਰ ’ਤੇ ਪ੍ਰਧਾਨ ਦੀ ਮੰਗ ਕੀਤੀ ਸੀ। ਉਦੋਂ ਤੋਂ ਹੀ ਇਨ੍ਹਾਂ ਆਗੂਆਂ ਨੂੰ ‘ਜੀ-23’ ਵੀ ਕਿਹਾ ਜਾਂਦਾ ਹੈ। ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੇ ਮੈਂਬਰ ਅਤੇ ਜੰਮੂ ਕਸ਼ਮੀਰ ਕਾਂਰਗਸ ਦੇ ਸਾਬਕਾ ਮੁੱਖ ਸਕੱਤਰ ਮੁਹੰਮਦ ਸ਼ਾਹਨਵਾਜ਼ ਚੌਧਰੀ ਦੀ ਅਗਵਾਈ ’ਚ ਕਾਂਗਰਸ ਵਰਕਰ ਦੁਪਹਿਰ ਨੂੰ ਇਥੇ ਪੈੱਸ ਕਲੱਬ ਵਿਚ ਇਕੱਠਾ ਹੋਏ। ਉਨ੍ਹਾਂ ਨੇ ਆਜ਼ਾਦ ਦਾ ਪੁਤਲਾ ਸਾੜਿਆ ਅਤੇ ਉਸ ਦੇ ਵਿਰੁਧ ਅਤੇ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਹਰੇ ਲਾਏ।
Ghulam Nabi Azad
ਜੰਮੂ ਕਸ਼ਮੀਰ ਪ੍ਰਦੇਸ਼ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਚੌਧਰੀ ਨੇ ਕਿਹਾ, ‘‘ਕਾਂਗਰਸ ਨੇ ਹਮੇਸ਼ਾ ਉਨ੍ਹਾਂ ਨੂੰ ਮੁੱਖ ਰਖਿਆ ਅਤੇ ਜਦੋਂ ਪਾਰਟੀ ਨੂੰ ਸੰਕਟ ਦੇ ਇਸ ਸਮੇਂ ਉਨ੍ਹਾਂ ਦੇ ਤਜ਼ਰਬੇ ਦੀ ਲੋੜ ਸੀ ਤਾਂ ਉਹ ਜੰਮੂ ਕਸ਼ਮੀਰ ਆਏ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ। ਇਹ ਸਪਸ਼ਟ ਹੈ ਕਿ ਉਹ ਅਪਣੇ ਨਿਜੀ ਹਿਤ ਲਈ ਪਾਰਟੀ ਨੂੰ ਕਮਜ਼ੋਰ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ।’’ ਚੌਧਰੀ ਨੇ ਕਿਹਾ ਕਿ ਸੋਨੀਆ ਅਤੇ ਰਾਹੁਲ ਹਰ ਪਾਰਟੀ ਵਰਕਰ ਦੇ ‘‘ਅਸਲ ਆਗੂ’’ ਹਨ ਅਤੇ ਆਜ਼ਾਦ ਉਨ੍ਹਾਂ ਵਿਰੁਧ ਸਾਜ਼ਸ਼ ਰਚ ਰਹੇ ਹਨ।
Gulam Nabi Azad
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਉਹ ਇਕ ਚਾਹ ਵੇਚਣ ਵਾਲੇ ਦੇ ਤੌਰ ’ਤੇ ਅਪਣੇ ਅਤੀਤ ਬਾਰੇ ਖੁੱਲ ਕੇ ਬੋਲਦੇ ਹਨ ਅਤੇ ਦੁਨੀਆ ਕੋਲੋਂ ਅਪਣਾ ਇਤਿਹਾਸ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ।