
ਕੇਂਦਰ ਸਰਕਾਰ ‘ਤੇ ਸੂਬਿਆਂ ਨੂੰ ਅਣਗੋਲਿਆਂ ਕਰਨ ਦੇ ਲਾਏ ਦੋਸ਼
ਤਿਰੂਵਨੰਤਪੁਰਮ : ਦੇਸ਼ ਅੰਦਰ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਹਾਹਾਕਾਰ ਦਾ ਮਾਹੌਲ ਹੈ। ਦੇਸ਼ ਦੀ ਆਰਥਿਕ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਇਸ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ਵੱਲ ਨਿਸ਼ਾਨਾ ਸਾਧਿਆ ਹੈ। ਡਾ. ਮਨਮੋਹਨ ਸਿੰਘ ਨੇ ਦੇਸ਼ ਅੰਦਰ ਫੈਲੀ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਇਸ ਲਈ ਬਿਨਾਂ ਅਗਾਊਂ ਤਿਆਰੀ ਦੇ ਕੀਤੀ ਗਈ ਨੋਟਬੰਦੀ ਸਮੇਤ ਅਜਿਹੇ ਹੋਰ ਫੈਸਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
Manmohan Singh
ਨੋਟਬੰਦੀ ਦੇ ਫੈਸਲੇ ਨੂੰ ਮੂਲੋਂ ਗਲਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਫੈਸਲੇ ਬਿਨਾਂ ਕਿਸੇ ਅਗਾਊਂ ਤਿਆਰੀ ਦੇ ਕੀਤਾ ਸੀ। ਉਨ੍ਹਾਂ ਕਿਹਾ ਦੇ ਕੇਂਦਰ ਸਰਕਾਰ ਨੇ ਕਈ ਹੋਰ ਅਜਿਹੇ ਫੈਸਲੇ ਕੀਤੇ ਹਨ, ਜਿਨ੍ਹਾਂ ਬਾਰੇ ਪਹਿਲਾਂ ਸੂਬਾ ਸਰਕਾਰਾਂ ਨੂੰ ਭਰੋਸੇ ਵਿਚ ਲੈਣ ਦੀ ਜ਼ਰੂਰਤ ਸੀ। ਦਰਅਸਲ ਮਨਮੋਹਨ ਸਿੰਘ ਆਰਥਿਕ ਵਿਸ਼ਿਆਂ ਦੇ ‘ਥਿੰਕ ਟੈਂਕ’ ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼ ਵਲੋਂ ਡਿਜ਼ੀਟਲ ਮਾਧਿਅਮ ਤੋਂ ਆਯੋਜਿਤ ਇਕ ਵਿਕਾਸ ਸੰਮੇਲਨ ਦਾ ਉਦਘਾਟਨ ਕਰਨ ਪੁੱਜੇ ਸਨ।
Manmohan Singh
ਇਸ ਸੰਮੇਲਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੱਧਦੇ ਵਿੱਤੀ ਸੰਕਟ ਨੂੰ ਲੁਕਾਉਣ ਲਈ ਭਾਰਤ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਕੀਤੇ ਗਏ ਅਸਥਾਈ ਉਪਾਅ ਦੇ ਚੱਲਦੇ ਕਰਜ਼ ਸੰਕਟ ਨਾਲ ਛੋਟੇ ਅਤੇ ਮੱਧ ਉਦਯੋਗ ਖੇਤਰ ਪ੍ਰਭਾਵਿਤ ਹੋ ਸਕਦੇ ਹਨ। ਇਸ ਸਥਿਤੀ ਦੀ ਅਸੀਂ ਅਣਦੇਖੀ ਨਹੀਂ ਕਰ ਸਕਦੇ। ਉਨ੍ਹਾਂ ਨੇ ‘ਉਡੀਕ ਕਰੋ 2030’ ’ਚ ਕਿਹਾ ਕਿ ਬੇਰੁਜ਼ਗਾਰੀ ਸਿਖਰਾਂ ’ਤੇ ਹੈ ਅਤੇ ਗੈਰ-ਰਸਮੀ ਖੇਤਰ ਖ਼ਸਤਾਹਾਲ ਹਨ। ਇਹ ਸੰਕਟ 2016 ਵਿਚ ਬਿਨਾਂ ਸੋਚੇ-ਸਮਝੇ ਲਈ ਗਏ ਨੋਟਬੰਦੀ ਦੇ ਫ਼ੈਸਲੇ ਦੇ ਚੱਲਦੇ ਪੈਦਾ ਹੋਇਆ ਹੈ।
Manmohan Singh
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਰੁਕਾਵਟਾਂ ਹਨ, ਜਿਨ੍ਹਾਂ ਨੂੰ ਰਾਜ ਨੇ ਪਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਆਈਟੀ ਸੈਕਟਰ ਡਿਜੀਟਲ ਮੋਡ ਦੀ ਵਜ੍ਹਾ ਨਾਲ ਕੰਮ ਤਾਂ ਕਰ ਰਿਹਾ ਹੈ ਪਰ ਸੈਰ ਸਪਾਟਾ ਸਨਅਤ ‘ਤੇ ਮਹਾਂਮਾਰੀ ਦਾ ਬਹੁਤ ਮਾੜਾ ਅਸਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਵੱਲ ਧਿਆਨ ਕੇਂਦਰਤ ਕਰਨ ਕਾਰਨ ਕੇਰਲ ਦੇ ਲੋਕ ਦੇਸ਼ ਅਤੇ ਵਿਸ਼ਵ ਦੇ ਸਾਰੇ ਹਿੱਸਿਆਂ ਵਿਚ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ।