
Rahul Gandhi meets coolies : ਮਹਾਂਕੁੰਭ ’ਚ ਮਚੀ ਭਗਦੜ ਦੌਰਾਨ ਕਈ ਯਾਤਰੀਆਂ ਦੀ ਜਾਨ ਬਚਾਉਣ ਲਈ ਕੀਤੀ ਸ਼ਲਾਘਾ
Rahul Gandhi meets coolies Latest News in Punjabi : ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਕੁਲੀਆਂ ਨਾਲ ਗੱਲਬਾਤ ਕੀਤੀ ਅਤੇ ਪਿਛਲੇ ਮਹੀਨੇ ਸ਼ਹਿਰ ’ਚ ਹੋਈ ਭਗਦੜ ਦੌਰਾਨ ਕਈ ਯਾਤਰੀਆਂ ਦੀ ਜਾਨ ਬਚਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ 15 ਫ਼ਰਵਰੀ ਨੂੰ ਭਗਦੜ ਹੋਈ ਸੀ। ਜਿਸ ਵਿਚ 18 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਰਾਤ 10 ਵਜੇ ਵਾਪਰਿਆ ਜਦੋਂ ਲੱਖਾਂ ਸ਼ਰਧਾਲੂ ਮਹਾਂਕੁੰਭ 2025 ਤਿਉਹਾਰ ਲਈ ਪ੍ਰਯਾਗਰਾਜ ਜਾ ਰਹੇ ਸਨ। ਜਿਸ ਕਾਰਨ ਸਟੇਸ਼ਨ 'ਤੇ ਕਾਫ਼ੀ ਭੀੜ ਹੋ ਗਈ। ਇਸ ਮੌਕੇ ਕੁਲੀਆਂ ਨੇ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸੈਂਕੜੇ ਲੋਕਾਂ ਦੀ ਜਾਨ ਬਚਾਈ ਸੀ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਰਾਹੁਲ ਗਾਂਧੀ ਨੇ ਲਿਖਿਆ ‘ਅਕਸਰ ਜਦੋਂ ਕਾਲਾ ਸੰਘਣਾ ਹਨੇਰਾ ਹੁੰਦਾ ਹੈ ਤਾਂ ਮਨੁੱਖਤਾ ਦੀ ਰੌਸ਼ਨੀ ਰਾਹ ਰੌਸ਼ਨ ਕਰਦੀ ਹੈ।’ ਉਨ੍ਹਾਂ ਨੇ ਅੱਗੇ ਲਿਖਿਆ 'ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਦੌਰਾਨ, ਸਾਡੇ ਕੁਲੀ ਭਰਾਵਾਂ ਨੇ ਮਨੁੱਖਤਾ ਦੀ ਇਕ ਮਿਸਾਲ ਕਾਇਮ ਕੀਤੀ ਅਤੇ ਬਹੁਤ ਸਾਰੇ ਯਾਤਰੀਆਂ ਦੀ ਜਾਨ ਬਚਾਈ। ਇਸ ਲਈ, ਮੈਂ ਅੱਜ ਦੇਸ਼ ਵਾਸੀਆਂ ਵਲੋਂ ਉਨ੍ਹਾਂ ਦਾ ਧਨਵਾਦ ਕਰਦਾ ਹਾਂ,"
ਇਸ ਤੋਂ ਇਲਾਵਾ, ਕਾਂਗਰਸੀ ਨੇਤਾ ਨੇ ਘਟਨਾ ਤੋਂ ਸਬਕ ਲੈਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 'ਠੋਸ ਕਦਮ' ਚੁੱਕੇ।
ਉਨ੍ਹਾਂ ਕਿਹਾ "ਅਜਿਹੇ ਹਾਦਸਿਆਂ ਤੋਂ ਸਿੱਖਣਾ ਮਹੱਤਵਪੂਰਨ ਹੈ। ਆਧੁਨਿਕ ਤਕਨਾਲੋਜੀ ਦੀ ਵਰਤੋਂ, ਬਿਹਤਰ ਬੁਨਿਆਦੀ ਢਾਂਚੇ ਅਤੇ ਐਮਰਜੈਂਸੀ ਪ੍ਰਣਾਲੀਆਂ ਨੂੰ ਮਜ਼ਬੂਤਕਰ ਭੀੜ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਮੀਦ ਹੈ ਕਿ ਸਰਕਾਰ ਇਸ ਦਿਸ਼ਾ ਵਿਚ ਠੋਸ ਕਦਮ ਚੁੱਕੇਗੀ ਤਾਂ ਜੋ ਹਰ ਵਰਗ ਦੇ ਯਾਤਰੀ ਸੁਰੱਖਿਅਤ ਯਾਤਰਾ ਕਰ ਸਕਣ।'
ਲਗਭਗ 40 ਮਿੰਟ ਦੀ ਆਪਣੀ ਗੱਲਬਾਤ ਦੌਰਾਨ, ਰਾਏਬਰੇਲੀ ਦੇ ਸੰਸਦ ਮੈਂਬਰ ਨੇ ਕੁਲੀ ਭਰਾਵਾਂ ਦੀਆਂ ਦਰਪੇਸ਼ ਸਮੱਸਿਆਵਾਂ ਵੀ ਸੁਣੀਆਂ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਦੀਪੇਸ਼ ਮੀਨਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਅਪਣੇ ਤਜਰਬੇ ਬਾਰੇ ਦਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਾਂਗਰਸ ਸੰਸਦ ਮੈਂਬਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।