
50 ਲੱਖ ਰੁਪਏ ਤੋਂ ਇਕ ਕਰੋੜ ਰੁਪਏ ਵਿਚ ਹੁੰਦੀ ਸੀ ਡੀਲ
ਹੈਦਰਾਬਾਦ- ਹੈਦਰਾਬਾਦ ਦੀ ਰਚਕੋਂਡਾ ਪੁਲਿਸ ਨੇ ਕੌਮਾਂਤਰੀ ਕਿਡਨੀ ਰੈਕੇਟ ਦਾ ਭਾਂਡਾ ਭੰਨਦਿਆਂ ਦਿੱਲੀ ਅਤੇ ਨੋਇਡਾ ਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗ ਪੂਰੇ ਦੇਸ਼ ਤੋਂ ਲਗਭਗ 40 ਵੱਖ-ਵੱਖ ਹਸਪਤਾਲਾਂ ਵਿਚ ਲਿਜਾ ਕੇ ਕਿਡਨੀਆਂ ਵੇਚ ਚੁੱਕਿਆ ਹੈ। ਫੜੇ ਗਏ ਤਿੰਨ ਲੋਕਾਂ ਵਿਚੋਂ ਅੰਬਰੀਸ਼ ਨਾਂ ਦਾ ਵਿਅਕਤੀ ਇਸ ਗੈਂਗ ਦਾ ਮੁੱਖ ਸਰਗਨਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਲੈਪਟਾਪ, ਮੋਬਾਇਲ, ਪਾਸਪੋਰਟ ਸਮੇਤ ਕੁੱਝ ਦਵਾਈਆਂ ਵੀ ਬਰਾਮਦ ਹੋਈਆਂ ਹਨ।
ਪੁਲਿਸ ਮੁਤਾਬਕ ਇਹ ਗੈਂਗ ਅਜਿਹੇ ਗਾਹਕਾਂ ਦੀ ਭਾਲ ਕਰਦੇ ਸਨ ਜੋ ਇਕ ਕਿਡਨੀ ਦੇ ਬਦਲੇ 50 ਲੱਖ ਤੋਂ ਲੈ ਕੇ ਇਕ ਕਰੋੜ ਰੁਪਏ ਤਕ ਦੇ ਸਕਦੇ ਹੋਣ, ਇਹੀ ਨਹੀਂ, ਤੁਰਕੀ, ਮਿਸਰ, ਸ੍ਰੀਲੰਕਾ, ਚੀਨ, ਇਰਾਨ ਅਤੇ ਵੀਅਤਨਾਮ ਦੇ ਹਸਪਤਾਲਾਂ ਵਿਚ ਵੀ ਇਹ ਗੈਂਗ ਕਿਡਨੀਆਂ ਸਪਲਾਈ ਕਰਵਾਉਂਦਾ ਸੀ। ਇਸ ਰੈਕੇਟ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਹੈਦਰਾਬਾਦ ਦੇ ਵਿਅਕਤੀ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਗਾਇਆ ਕਿ ਉਸ ਨੂੰ ਤੁਰਕੀ ਦੇ ਇਕ ਹਸਪਤਾਲ ਵਿਚ ਲਿਜਾ ਕੇ ਕਿਡਨੀ ਵਿਕਵਾਈ ਗਈ।
ਉਸ ਨੂੰ ਕਿਡਨੀ ਦੇਣ ਬਦਲੇ 20 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਕਿਡਨੀ ਦੇਣ ਤੋਂ ਬਾਅਦ ਵੀ ਉਸ ਨੂੰ ਤੈਅਸ਼ੁਦਾ ਰਕਮ ਨਹੀਂ ਦਿਤੀ ਗਈ। ਪੁਲਿਸ ਨੇ ਕਿਡਨੀਆਂ ਵੇਚਣ ਵਾਲੇ ਇਸ ਖ਼ਤਰਨਾਕ ਗੈਂਗ ਦੇ ਤਿੰਨੇ ਮੁਲਜ਼ਮਾਂ 'ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗੈਂਗ ਦੇ ਕਿਹੜੇ ਹਸਪਤਾਲਾਂ ਨਾਲ ਸਬੰਧ ਸਨ।