
ਬ੍ਰਿਜਭੂਸ਼ਣ ਸ਼ਰਣ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ
ਕੁਰੂਕੁਸ਼ੇਤਰ (ਹਰਿਆਣਾ), 2 ਜੂਨ: ਹਰਿਆਣਾ ਦੇ ਕੁਰੂਕੁਸ਼ੇਤਰ ’ਚ ‘ਖਾਪ ਮਹਾਪੰਚਾਇਤ’ ਨੇ ਸ਼ੁਕਰਵਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਿਲਊ.ਐਫ਼.ਆਈ.) ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਇਸ ’ਤੇ ਕਾਰਵਾਈ ਲਈ 9 ਜੂਨ ਤਕ ਦਾ ਸਮਾਂ ਦਿਤਾ।
ਭਲਵਾਨਾਂ ਦੇ ਕਥਿਤ ਜਿਨਸੀ ਸੋਸ਼ਣ ਦੇ ਮੁੱਦੇ ’ਤੇ ਸਬੰਧਤ ਅੰਦੋਲਨ ’ਚ ਚੁੱਕੇ ਜਾਣ ਵਾਲੇ ਅਗਲੇ ਕਦਮਾਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਥੇ ‘ਖਾਪ ਮਹਾਪੰਚਾਇਤ’ ਦੀ ਬੈਠਕ ਹੋਈ।
ਮਹਾਪੰਚਾਇਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਡਬਿਲਊ.ਐਫ਼.ਆਈ. ਪ੍ਰਧਾਨ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਟਿਕੈਤ ਨੇ ਦਾਅਦਾ ਕੀਤਾ ਕਿ 9 ਜੂਨ ਤਕ ਮੰਗ ਪੂਰੀ ਨਾ ਹੋਣ ਦੀ ਸੂਰਤ ’ਚ ਦੇਸ਼ ਭਰ ਅੰਦਰ ਮਹਾਪੰਚਾਇਤਾਂ ਕਰ ਕੇ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ।
ਕਿਸਾਨ ਆਗੂ ਨੇ ਕਿਹਾ ਕਿ ਮੰਗ ਪੂਰੀ ਨਾ ਹੋਈ ਤਾਂ ਭਲਵਾਨ ਮੁੜ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਪਰਤ ਆਉਣਗੇ।
ਵੱਖੋ-ਵੱਖ ਖਾਪਾਂ ਅਤੇ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ੁਕਰਵਾਰ ਨੂੰ ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਮੇਤ ਵੱਖੋ-ਵੱਖ ਥਾਵਾਂ ਤੋਂ ‘ਜਾਟ ਧਰਮਸ਼ਾਲਾ’ ’ਚ ਪੁੱਜੇ।
ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ’ਚ ‘ਖਾਪ ਮਹਾਪੰਚਾਇਤ’ ਸੱਦੀ ਸੀ ਜਦਕਿ ਪੰਜਾਬ ਅਤੇ ਹਰਿਆਣਾ ’ਚ ਕਈ ਵਿਰੋਧ ਪ੍ਰਦਰਸ਼ਨ ਕਰ ਕੇ ਉਨ੍ਹਾਂ ਭਲਵਾਨਾਂ ਨਾਲ ਇਕਜੁਟਤਾ ਵਿਖਾਈ ਗਈ ਸੀ, ਜਿਨ੍ਹਾਂ ਨੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ’ਤੇ ਔਰਤ ਭਲਵਾਨਾਂ ਦਾ ਜਿਨਸੀ ਸੋਸ਼ਣ ਕਰਨ ਦਾ ਦੋਸ਼ ਲਾਇਆ ਹੈ।
ਮੰਗਲਵਾਰ ਨੂੰ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਅਤੇ ਸੰਗੀਤਾ ਫੋਗਾਟ ਵਰਗੇ ਸਿਖਰਲੇ ਭਲਵਾਨਾਂ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁਧ ਕਾਰਵਾਈ ਨਾ ਕੀਤੇ ਜਾਣ ਵਿਰੁਧ ਹਰਿਦੁਆਰ ’ਚ ਹਰ ਕੀ ਪੌੜੀ ਪਹੁੰਚੇ ਸਨ।
ਇਹ ਸਾਰੇ ਭਲਵਾਨ ਮੰਗਲਵਾਰ ਨੂੰ ਗੰਗਾ ਨਦੀ ’ਚ ਅਪਣੇ ਤਮਗੇ ਵਹਾਉਣ ਲਈ ਗਏ ਸਨ ਪਰ ਖਾਪ ਅਤੇ ਕਿਸਾਨ ਆਗੂਆਂ ਦੇ ਮਨਾਉਣ ’ਤੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ ਪ੍ਰਦਰਸ਼ਨਕਾਰੀ ਖਿਡਾਰੀਆਂ ਨੇ ਅਪਣੀਆਂ ਮੰਗਾਂ ਮੰਨਣ ਲਈ ਪੰਜ ਦਿਨਾਂ ਦਾ ਸਮਾਂ ਦਿਤਾ ਹੈ।