
ਚੰਡੀਗੜ੍ਹ ਪ੍ਰਸ਼ਾਸਨ ਸੋਹਣੇ ਸ਼ਹਿਰ 'ਚ ਦਿਨੋ-ਦਿਨ ਵਧ ਰਹੀ ਟ੍ਰੈਫ਼ਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗੰਭੀਰਤਾ ਨਾਲ ਹੱਲ ਲੱਭਣ ਲਈ ਯੋਜਨਾ ਤਿਆਰ ਕਰ ਰਿਹਾ ਹੈ.........
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਸੋਹਣੇ ਸ਼ਹਿਰ 'ਚ ਦਿਨੋ-ਦਿਨ ਵਧ ਰਹੀ ਟ੍ਰੈਫ਼ਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗੰਭੀਰਤਾ ਨਾਲ ਹੱਲ ਲੱਭਣ ਲਈ ਯੋਜਨਾ ਤਿਆਰ ਕਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਸਮੇਤ ਬਰਾਬਰ ਸਨਮਾਨ ਦੇਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪ੍ਰੈਸ ਕਲੱਬ ਸੈਕਟਰ 27 'ਚ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਲੱਬ 'ਚ ਲਾਏ ਗਏ ਕਸ਼ਮੀਰੀ ਫ਼ੂਡ ਉਤਸਵ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਉਨ੍ਹਾਂ ਨੇ ਕਸ਼ਮੀਰੀ ਖਾਣਿਆਂ ਦਾ ਸਵਾਦ ਵੀ ਵੇਖਿਆ।
ਪ੍ਰੈਸ ਕਲੱਬ ਦੇ ਪ੍ਰਧਾਨ ਬਰਿੰਦਰ ਰਾਵਤ ਅਤੇ ਸਕੱਤਰ ਜਨਰਲ ਜਸਵੰਤ ਰਾਣਾ ਨੇ ਯਾਦਗਾਰੀ ਮੋਮੈਂਟੋ ਭੇਂਟ ਕਰ ਕੇ ਸ੍ਰੀ ਬਦਨੌਰ ਨੂੰ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੀਆਂ ਸੜਕਾਂ 'ਤੇ ਭੀੜ-ਭੜੱਕਾ ਵਧ ਰਿਹਾ ਹੈ। ਇਸ ਲਈ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਸ਼ਹਿਰਾਂ ਦੀ ਆਬਾਦੀ ਨੂੰ ਵੇਖਦਿਆਂ ਆਉਣ ਵਾਲੇ ਅਗਲੇ 20 ਸਾਲਾਂ ਨੂੰ ਮੁੱਖ ਰਖਦਿਆਂ ਲੰਬੀਆਂ ਤੇ ਟਿਕਾਊ ਯੋਜਨਾਵਾਂ ਤਿਆਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਕਾਰਨ ਪੰਜਾਬੀਆਂ ਦੀ ਮਾਤਰ ਭਾਸ਼ਾ ਨੂੰ ਦੂਜੀਆਂ ਪ੍ਰਚੱਲਤ ਭਾਸ਼ਾਵਾਂ ਅੰਗਰੇਜ਼ੀ ਤੇ ਹਿੰਦੀ ਦੇ ਨਾਲ-ਨਾਲ ਬਰਾਬਰ ਸਥਾਨ ਦੇਣ ਲਈ ਥੋੜ੍ਹਾ ਵਕਤ ਲੱਗੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪਹਿਲੇ ਪ੍ਰਸ਼ਾਸਕ ਦੁਆਰਾ ਛੱਡੇ ਅਧੂਰੇ ਪ੍ਰਾਜੈਕਟਾਂ ਨੂੰ ਵੀ ਅਪਣੇ ਕਾਰਜਕਾਲ 'ਚ ਪੂਰਾ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਪ੍ਰੈਸ ਕਲੱਬ 'ਚ ਪੌਦੇ ਵੀ ਲਾਏ।