
ਦਰਅਸਲ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨਾਲ ਸਬੰਧਤ ਜਾਣਕਾਰੀ ਮੰਗੀ ਸੀ।
ਨਵੀਂ ਦਿੱਲੀ: ਕੇਂਦਰ ਸਰਕਾਰ ਉੱਜਵਲਾ ਯੋਜਨਾ ਨੂੰ ਆਪਣੀਆਂ ਸਭ ਤੋਂ ਸਫਲ ਯੋਜਨਾਵਾਂ ਵਿਚੋਂ ਇਕ ਦੱਸਦੀ ਰਹੀ ਹੈ। ਹਾਲਾਂਕਿ ਹੁਣ ਜੋ ਅੰਕੜੇ ਸਾਹਮਣੇ ਆਏ ਹਨ, ਉਹਨਾਂ ਨੇ ਵਿਰੋਧੀ ਧਿਰ ਨੂੰ ਸਰਕਾਰ 'ਤੇ ਹਮਲਾ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਉੱਜਵਲਾ ਯੋਜਨਾ ਦੇ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਨੇ ਇਕ ਵਾਰ ਵੀ ਸਿਲੰਡਰ ਨਹੀਂ ਭਰਵਾਇਆ।
ਰਾਜ ਸਭਾ ਵਿਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਇਕ ਲਿਖਤੀ ਜਵਾਬ ਵਿਚ ਕਿਹਾ ਕਿ “ਉਜਵਲਾ ਯੋਜਨਾ ਦੇ 4.13 ਕਰੋੜ ਲਾਭਪਾਤਰੀਆਂ ਨੇ ਇਕ ਵਾਰ ਵੀ ਐਲਪੀਜੀ ਸਿਲੰਡਰ ਨਹੀਂ ਭਰਵਾਇਆ ਹੈ, ਜਦਕਿ 7.67 ਕਰੋੜ ਲੋਕਾਂ ਨੇ ਸਿਰਫ ਇਕ ਵਾਰ ਸਿਲੰਡਰ ਭਰਵਾਇਆ ਹੈ।” ਦਰਅਸਲ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨਾਲ ਸਬੰਧਤ ਜਾਣਕਾਰੀ ਮੰਗੀ ਸੀ।
ਰਾਮੇਸ਼ਵਰ ਤੇਲੀ ਨੇ ਕਿਹਾ ਕਿ ਸਾਲ 2017-18 ਦਰਮਿਆਨ ਉੱਜਵਲਾ ਯੋਜਨਾ ਦੇ 46 ਲੱਖ ਲਾਭਪਾਤਰੀਆਂ ਨੇ ਇਕ ਵਾਰ ਵੀ ਸਿਲੰਡਰ ਰੀਫਿਲ ਨਹੀਂ ਕਰਵਾਇਆ। ਇਸ ਦੌਰਾਨ ਇਕ ਵਾਰ ਸਿਲੰਡਰ ਰੀਫਿਲ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 1.19 ਕਰੋੜ ਸੀ। ਰਾਜ ਮੰਤਰੀ ਅਨੁਸਾਰ 2018-19 ਦੌਰਾਨ 1.24 ਕਰੋੜ, 2019-20 ਦੌਰਾਨ 1.41 ਕਰੋੜ, 2020-21 ਦੌਰਾਨ 10 ਲੱਖ ਅਤੇ 2021-22 ਦੌਰਾਨ 92 ਲੱਖ ਲੋਕਾਂ ਨੇ ਇਕ ਵਾਰ ਵੀ ਸਿਲੰਡਰ ਨਹੀਂ ਭਰਵਾਇਆ। ਇਸ ਦੇ ਨਾਲ ਹੀ ਉਹਨਾਂ ਨੇ ਇਕ ਵਾਰ ਸਿਲੰਡਰ ਭਰਵਾਉਣ ਵਾਲਿਆਂ ਦੇ ਵੀ ਅੰਕੜੇ ਦਿੱਤੇ।
ਰਾਮੇਸ਼ਵਰ ਤੇਲੀ ਨੇ ਦੱਸਿਆ ਕਿ ਸਾਲ 2018-19 ਦੌਰਾਨ 2.90 ਕਰੋੜ, 2019-20 ਦੌਰਾਨ 1.83 ਕਰੋੜ, 2020-21 ਦੌਰਾਨ 67 ਲੱਖ ਅਤੇ 2021-22 ਦੌਰਾਨ 1.08 ਕਰੋੜ ਲਾਭਪਾਤਰੀਆਂ ਨੇ ਸਿਰਫ਼ ਇਕ ਵਾਰ ਸਿਲੰਡਰ ਰੀਫਿਲ ਕਰਵਾਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਲ 2021-22 ਦੌਰਾਨ ਕੁੱਲ 30.53 ਕਰੋੜ ਘਰੇਲੂ ਗੈਸ ਖਪਤਕਾਰਾਂ ਵਿਚੋਂ 2.11 ਕਰੋੜ ਨੇ ਇਕ ਵਾਰ ਵੀ ਗੈਸ ਸਿਲੰਡਰ ਰੀਫਿਲ ਨਹੀਂ ਕੀਤਾ। ਇਸ ਦੇ ਨਾਲ ਹੀ 2.91 ਕਰੋੜ ਗਾਹਕਾਂ ਨੇ ਇਕ ਵਾਰ ਘਰੇਲੂ ਗੈਸ ਸਿਲੰਡਰ ਭਰਵਾਏ ਹਨ।