
ਦੂਜੇ ਬੱਚੇ ਦੀ ਹਾਲਤ ਨਾਜ਼ੁਕ
ਨੋਇਡਾ- ਗਣੇਸ਼ ਉਤਸਵ ਮੌਕੇ ਨੋਇਡਾ ਦੇ ਬੀਟਾ-2 ਇਲਾਕੇ ਵਿਚ ਕਰਵਾਏ ਗਏ ਮੇਲੇ ’ਚ ਝੂਲੇ ਲੈ ਰਹੇ ਦੋ ਬੱਚਿਆਂ ਨੂੰ ਕਰੰਟ ਲੱਗ ਗਿਆ। ਇਸ ਘਟਨਾ ਵਿਚ ਇੱਕ 12 ਸਾਲਾ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਇੱਕ ਤਿੰਨ ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਸਬੰਧੀ ਤਿੰਨ ਵਿਅਕਤੀਆਂ ਖ਼ਿਲਾਫ਼ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਝੂਲੇ ਦੇ ਮਾਲਕ ਨੂੰ ਵੀ ਹਿਰਾਸਤ ਵਿਚ ਲੈ ਲਿਆ।
ਥਾਣਾ ਇੰਚਾਰਜ ਨੇ ਦੱਸਿਆ ਕਿ ਪਿੰਡ ਬਿਰੂੰਦੀ 'ਚ ਕਿਰਾਏ 'ਤੇ ਰਹਿਣ ਵਾਲੇ ਧਰਮਿੰਦਰ ਦਾ ਪੁੱਤਰ ਹਰਸ਼ਿਤ ਆਪਣੇ ਗੁਆਂਢ 'ਚ ਰਹਿਣ ਵਾਲੀ ਔਰਤ ਆਰੋਹੀ ਅਤੇ ਉਸ ਦੇ ਬੱਚੇ ਨਾਲ ਮੇਲੇ ਵਿਚ ਗਿਆ ਸੀ। ਜਿੱਥੇ ਹਰਸ਼ਿਤ (12) ਅਤੇ ਪ੍ਰਿਆਂਸ਼ (3) ਪੁੱਤਰ ਆਰੋਹੀ ਝੂਲੇ ਤੋਂ ਹੇਠਾਂ ਉਤਰਦੇ ਸਮੇਂ ਕਰੰਟ ਦੀ ਚਪੇਟ ’ਚ ਆ ਗਏ।
ਦੋਵਾਂ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰਸ਼ਿਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦ ਕਿ ਪ੍ਰਿਆਂਸ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਵੱਲੋਂ ਇਸ ਮਾਮਲੇ ਵਿਚ ਮੇਲਾ ਸੰਚਾਲਕ ਚੰਦਰਸ਼ੇਖਰ ਗਰਗ, ਅੰਕਿਤ ਜੈਨ, ਰਾਜੀਵ ਗੁਪਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਅਤੇ ਬਣਦੀ ਕਾਰਵਾਈ ਜਾਰੀ ਹੈ।