
ਦੋਹਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ
ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 2 ਸਤੰਬਰ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐਸ. ਸੋਮਨਾਥ ਨੇ ਕਿਹਾ ਹੈ ਕਿ ਚੰਨ ’ਤੇ ਭੇਜੇ ਗਏ ਚੰਦਰਯਾਨ-3 ਦਾ ਰੋਵਰ ਅਤੇ ਲੈਂਡਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਕਿਉਂਕਿ ਹੁਣ ਚੰਨ ’ਤੇ ਰਾਤ ਹੋ ਜਾਵੇਗੀ, ਇਸ ਲਈ ਉਨ੍ਹਾਂ ਨੂੰ ‘ਅਕਿਰਿਆਸ਼ੀਲ’ ਕਰ ਦਿਤਾ ਜਾਵੇਗਾ। ਸੋਮਨਾਥ ਨੇ ਕਿਹਾ ਕਿ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਅਜੇ ਵੀ ਕੰਮ ਕਰ ਰਹੇ ਹਨ ਅਤੇ ‘ਸਾਡੀ ਟੀਮ ਹੁਣ ਵਿਗਿਆਨਕ ਉਪਕਰਨਾਂ ਨਾਲ ਬਹੁਤ ਕੰਮ ਕਰ ਰਹੀ ਹੈ।’
ਉਨ੍ਹਾਂ ਨੇ ਕਿਹਾ, ‘‘ਚੰਗੀ ਖਬਰ ਇਹ ਹੈ ਕਿ ਰੋਵਰ ਲੈਂਡਰ ਤੋਂ ਘੱਟੋ-ਘੱਟ 100 ਮੀਟਰ ਦੀ ਦੂਰੀ ’ਤੇ ਚਲਾ ਗਿਆ ਹੈ ਅਤੇ ਅਸੀਂ ਆਉਣ ਵਾਲੇ ਦੋ ਦਿਨਾਂ ’ਚ ਇਨ੍ਹਾਂ ਨੂੰ ਅਕਿਰਿਆਸ਼ੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਉੱਥੇ (ਚੰਨ ’ਤੇ) ਰਾਤ ਹੋਣ ਵਾਲੀ ਹੈ।’’ ਇਸਰੋ ਮੁਖੀ ਨੇ ਇਹ ਜਾਣਕਾਰੀ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਦੇ ਸਫਲ ਲਾਂਚ ਤੋਂ ਬਾਅਦ ਮਿਸ਼ਨ ਕੰਟਰੋਲ ਸੈਂਟਰ ਤੋਂ ਆਪਣੇ ਸੰਬੋਧਨ ’ਚ ਦਿਤੀ।