
ਉਜ਼ਬੇਕਿਸਤਾਨ ਦਾ ਰਾਸ਼ਟਰਪਤੀ ਮੇਰਾ ਪਿਆਰਾ ਦੋਸਤ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਉਜ਼ਬੇਕਿਸਤਾਨ ਦੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਉਣ ਅਤੇ ਅੰਦਰੂਨੀ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ। ਦੋਹਾਂ ਦੇਸ਼ਾਂ ਨੇ ਰਾਸ਼ਟਰੀ ਸੁਰੱਖਿਆ, ਸੈਰ-ਸਪਾਟਾ, ਫ਼ਾਰਮਾ, ਸਿਹਤ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੇ 17 ਸਮਝੌਤਿਆਂ 'ਤੇ ਵੀ ਹਸਤਾਖਰ ਕੀਤੇ।
ਪ੍ਰਧਾਨ ਮੰਤਰੀ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਮਿਜ਼ੀਓਯੇਬ ਵਿਚਾਲੇ ਸੁਰੱਖਿਆ, ਸ਼ਾਂਤੀ, ਖ਼ੁਸ਼ਹਾਲੀ ਅਤੇ ਸਹਿਯੋਗ ਸਬੰਧੀ ਖੇਤਰੀ ਅਹਿਮੀਅਤ ਦੇ ਮੁੱਦਿਆਂ ਸਮੇਤ ਆਪਸੀ ਸਹਿਯੋਗ ਅਤੇ ਸਾਂਝੇ ਹਿਤਾਂ ਨਾਲ ਜੁੜੇ ਵੱਖ ਵੱਖ ਵਿਸ਼ਿਆਂ 'ਤੇ ਸਾਰਥਕ ਵਿਚਾਰ-ਵਟਾਂਦਰਾ ਹੋਇਆ। ਮੋਦੀ ਨੇ ਕਿਹਾ, 'ਅਸੀਂ ਇਨ੍ਹਾਂ ਮੁੱਦਿਆਂ ਉਤੇ ਅਤੇ ਸ਼ੰਘਾਈ ਸਹਿਯੋਗ ਸੰਗਠਨ ਸਮੇਤ ਅੰਤਰਰਾਸ਼ਟਰੀ ਮੰਚਾਂ 'ਤੇ ਅਪਣੇ ਸਹਿਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ।
ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਅਪਣੀ ਗੱਲਬਾਤ ਨੂੰ ਉਪਯੋਗੀ ਅਤੇ ਸਾਰਥਕ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਉਜ਼ਬੇਕਿਸਤਾਨ ਦੀਆਂ ਤਰਜੀਹਾਂ ਮੁਤਾਬਕ ਭਾਰਤ ਉਨ੍ਹਾਂ ਦੇ ਯਤਨਾਂ ਵਿਚ ਸਹਿਯੋਗ ਕਰਨ ਲਈ ਪ੍ਰਤੀਬੱਧ ਹੈ ਅਤੇ ਮੌਜੂਦਾ ਸਹਿਯੋਗ ਨੂੰ ਨਵੇਂ ਖੇਤਰਾਂ ਵਿਚ ਵਧਾਉਣ ਲਈ ਅੱਜ ਖ਼ਾਸਤੌਰ 'ਤੇ ਚਰਚਾ ਕੀਤੀ ਗਈ। ਮੋਦੀ ਨੇ ਕਿਹਾ, 'ਅਸੀਂ ਵਪਾਰ ਅਤੇ ਨਿਵੇਸ਼ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਸਹਿਮਤ ਹੋਏ ਹਾਂ। ਅਸੀਂ 2020 ਤਕ ਇਕ ਅਰਬ ਡਾਲਰ ਦੇ ਦੁਵੱਲੇ ਵਪਾਰ ਦਾ ਟੀਚਾ ਮਿਥਿਆ ਹੈ।
ਅਸੀਂ ਤਰਜੀਹੀ ਕਾਰੋਬਾਰ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਹੈ।' ਉਨ੍ਹਾਂ ਕਿਹਾ ਕਿ ਉਜ਼ਬੇਕਿਸਤਾਨ ਦੇ ਪ੍ਰਸਤਾਵ 'ਤੇ ਭਾਰਤ ਨੇ ਉਥੋਂ ਦੇ ਸਮਾਜਕ ਖੇਤਰਾਂ ਵਿਚ ਘੱਟ ਲਾਗਤ ਦੇ ਘਰਾਂ ਅਤੇ ਅਜਿਹੇ ਹੋਰ ਵੀ ਸਮਾਜਕ ਖੇਤਰ ਦੇ ਪ੍ਰਾਜੈਕਟਾਂ ਲਈ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਖੇਤਰ ਵਿਚ ਦੋਵੇਂ ਦੇਸ਼ ਇਕ ਦੂਜੇ ਕੋਲੋਂ ਲਾਭ ਲੈਣਗੇ। ਉਨ੍ਹਾਂ ਕਿਹਾ ਕਿ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਉਨ੍ਹਾਂ ਦੇ ਪਿਆਰੇ ਦੋਸਤ ਹਨ। (ਏਜੰਸੀ)