
ਕਸ਼ਮੀਰ ਘਾਟੀ 89ਵੇਂ ਦਿਨ ਵੀ 'ਬੰਦ', ਜਨਜੀਵਨ ਠੱਪ
ਸ੍ਰੀਨਗਰ : ਸ੍ਰੀਨਗਰ ਵਿਚ ਜੁੰਮੇ ਦੀ ਨਮਾਜ਼ ਮਗਰੋਂ ਹਿੰਸਕ ਪ੍ਰਦਰਸ਼ਨਾਂ ਦੇ ਖ਼ਦਸ਼ੇ ਕਾਰਨ ਕਾਨੂੰਨ ਅਤੇ ਪ੍ਰਬੰਧ ਨੂੰ ਕਾਇਮ ਰੱਖਣ ਲਈ ਸ਼ੁਕਰਵਾਰ ਨੂੰ ਕੁੱਝ ਹਿੱਸਿਆਂ ਵਿਚ ਪਾਬੰਦੀਆਂ ਲਾ ਦਿਤੀਆਂ ਗਈਆਂ। ਸੰਵਿਧਾਨ ਦੀ ਧਾਰਾ 370 ਨੂੰ ਪੰਜ ਅਗੱਸਤ ਨੂੰ ਖ਼ਤਮ ਕੀਤੇ ਜਾਣ ਮਗਰੋਂ ਲਗਤਾਰ 89ਵੇਂ ਦਿਨ ਵੀ ਕਸ਼ਮੀਰ ਵਿਚ ਜਨਜੀਵਨ ਪ੍ਰਭਾਵਤ ਰਿਹਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਰਾਣੇ ਸ਼ਹਿਰ ਵਿਚ ਪੰਜ ਪੁਲਿਸ ਥਾਣਾ ਖੇਤਰਾਂ ਅਤੇ ਸੌਰਾ ਪੁਲਿਸ ਥਾਣਾ ਖੇਤਰ ਦੇ ਕੁੱਝ ਹਿੱਸਿਆਂ ਵਿਚ ਪਾਬੰਦੀਆਂ ਲਾਈਆਂ ਗਈਆਂ ਹਨ।
Jammu Kashmir
ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡੇ ਜਾਣ ਵਿਰੁਧ ਹਿੰਸਕ ਪ੍ਰਦਰਸ਼ਨਾਂ ਦਾ ਖ਼ਦਸ਼ਾ ਸੀ ਜਿਸ ਕਾਰਨ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਭਾਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਘਾਟੀ ਵਿਚ ਹਾਲਾਤ ਫ਼ਿਲਹਾਲ ਸ਼ਾਂਤਮਈ ਹਨ। ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਕੁੱਝ ਬਦਮਾਸ਼ਾਂ ਨੇ ਭਾਜਪਾ ਕਾਰਕੁਨਾਂ ਦੇ ਦੋ ਨਿਜੀ ਵਾਹਨਾਂ ਨੂੰ ਅੱਗ ਲਾ ਦਿਤੀ ਸੀ।
ਅਧਿਕਾਰੀਆਂ ਨੇ ਕਿਹਾ ਕਿ ਬਾਜ਼ਾਰ ਬੰਦ ਰਹੇ ਅਤੇ ਗੱਡੀਆਂ ਸੜਕਾਂ ਤੋਂ ਗ਼ਾਇਬ ਰਹੀਆਂ। ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਬੋਰਡ ਪ੍ਰੀਖਿਆਵਾਂ ਪ੍ਰੋਗਰਾਮ ਮੁਤਾਬਕ ਹੋਈਆਂ। ਚਿੰਤਾਗ੍ਰਸਤ ਮਾਪੇ ਅਪਣੇ ਬੱਚਿਆਂ ਦਾ ਪ੍ਰੀਖਿਆ ਹਾਲ ਦੇ ਬਾਹਰ ਇੰਤਜ਼ਾਰ ਕਰਦੇ ਵੇਖੇ ਗਏ। ਘਾਟੀ ਵਿਚ ਲੈਂਡਲਾਈਨ ਅਤੇ ਪੋਸਟਪੇਡ ਮੋਬਾਈਲ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ ਪਰ ਇੰਟਰਨੈਟ ਸੇਵਾਵਾਂ ਪੰਜ ਅਗੱਸਤ ਤੋਂ ਹੁਣ ਤਕ ਠੱਪ ਹਨ। ਘਾਟੀ ਵਿਚ ਲੈਂਡਲਾਈਨ ਅਤੇ ਪੋਸਟਪੇਡ ਮੋਬਾਈਲ ਫ਼ੋਨ ਸੇਵਾਵਾਂ ਬਹਾਲ ਕੀਤੀਆਂ ਜਾ ਚੁੱਕੀਆਂ ਹਨ ਪਰ ਸਾਰੀਆਂ ਇੰਟਰਨੈਟ ਸੇਵਾਵਾਂ ਪੰਜ ਅਗੱਸਤ ਮਗਰੋਂ ਬੰਦ ਹੀ ਹਨ।
Central Government of India
ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕਰਨ ਮਗਰੋਂ ਪਾਬੰਦੀਆਂ ਲਾ ਦਿਤੀਆਂ ਸਨ। ਕਈ ਵੱਡੇ ਰਾਜਸੀ ਆਗੂਆਂ ਨੂੰ ਹਾਲੇ ਵੀ ਹਿਰਾਸਤ ਵਿਚ ਰਖਿਆ ਗਿਆ ਹੈ ਜਦਕਿ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਮੁੱਖ ਧਾਰਾ ਦੇ ਕਈ ਆਗੂ ਵੀ ਹਿਰਾਸਤ ਵਿਚ ਹਨ ਜਾਂ ਨਜ਼ਰਬੰਦ ਹਨ। ਸਾਬਕਾ ਮੁੱਖ ਮੰਤਰੀ ਅਤੇ ਸ੍ਰੀਨਗਰ ਤੋਂ ਲੋਕ ਸਭਾ ਦੇ ਮੌਜੂਦਾ ਮੈਂਬਰ ਫ਼ਾਰੂਕ ਅਬਦੁੱਲਾ ਨੂੰ ਵਿਵਾਦਤ ਲੋਕ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਨੂੰਨ ਫ਼ਾਰੂਕ ਦੇ ਪਿਤਾ ਅਤੇ ਨੈਸ਼ਨਲ ਕਾਨਫ਼ਰੰਸ ਦੇ ਬਾਨੀ ਸ਼ੇਖ਼ ਅਬਦੁੱਲਾ ਨੇ 1978 ਵਿਚ ਲਾਗੂ ਕੀਤਾ ਸੀ ਜਦ ਉਹ ਮੁੱਖ ਮੰਤਰੀ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।