
ਉਪ ਚੋਣਾਂ ਵਿਚ 28 ਸੀਟਾਂ ਉੱਤੇ ਕੁਲ 355 ਉਮੀਦਵਾਰ ਮੈਦਾਨ ਵਿਚ
ਮੱਧ ਪ੍ਰਦੇਸ਼ ਚੋਣਾਂ 'ਚ 33 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ
ਭੋਪਾਲ, 2 ਨਵੰਬਰ: ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਲਈ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ। ਇਸ ਸਮੇਂ ਦੌਰਾਨ ਕੋਵਿਡ-19 ਨਾਲ ਸਬੰਧਤ ਸਾਰੀਆਂ ਪਾਬੰਦੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਰਾਜ ਦੇ ਵਧੀਕ ਮੁੱਖ ਚੋਣ ਅਧਿਕਾਰੀ ਅਰੁਣ ਤੋਮਰ ਨੇ ਕਿਹਾ ਕਿ ਪੋਲਿੰਗ ਦਾ ਆਖ਼ਰੀ ਇੱਕ ਘੰਟਾ ਕੋਵਿਡ -19 ਦੇ ਮਰੀਜ਼ਾਂ ਅਤੇ ਪੀੜਤਾਂ ਲਈ ਹੋਵੇਗਾ। ਦੱਸ ਦੇਈਏ ਕਿ ਸੂਬੇ ਵਿਚ ਹੋ ਰਹੀਆਂ ਉਪ ਚੋਣਾਂ ਵਿਚ 28 ਸੀਟਾਂ ਉੱਤੇ ਕੁਲ 355 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਰਾਜ ਸਰਕਾਰ ਦੇ 12 ਮੰਤਰੀ ਵੀ ਸ਼ਾਮਲ ਹਨ।
ਤੋਮਰ ਨੇ ਕਿਹਾ ਕਿ ਵੋਟਾਂ ਦੌਰਾਨ ਸੁਰੱਖਿਆ ਨੂੰ ਸੰਭਾਲਣ ਲਈ ਤਕਰੀਬਨ 33,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਹ ਸਾਰੇ ਰਾਜ ਦੇ 19 ਜ਼ਿਲ੍ਹਿਆਂ ਦੇ ਪੋਲਿੰਗ ਸਟੇਸ਼ਨਾਂ ਅਤੇ ਹੋਰ ਪ੍ਰਮੁੱਖ ਥਾਵਾਂ 'ਤੇ ਤਾਇਨਾਤ ਹੋਣਗੇ। ਤਾਂ ਜੋ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।
ਉਨ੍ਹਾਂ ਦਸਿਆ ਕਿ ਚੋਣਾਂ ਦੌਰਾਨ ਅਚਨਚੇਤ ਨਿਰੀਖਣ ਲਈ 250 ਉਡਣ ਦਸਤੇ, 173 ਨਿਗਰਾਨੀ ਟੀਮਾਂ ਦਾ ਗਠਨ ਕੀਤਾ ਹੈ ਅਤੇ 293 ਪੁਲਿਸ ਚੌਕੀਆਂ ਸਥਾਪਤ ਕੀਤੀਆਂ ਹਨ।
ਦੱਸ ਦੇਈਏ ਕਿ ਕੁਲ 63.67 ਲੱਖ ਵੋਟਰ 28 ਸੀਟਾਂ 'ਤੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ 9,361 ਪੋਲਿੰਗ ਸਟੇਸ਼ਨ ਬਣਾਏ ਹਨ ਤਾਂ ਜੋ ਲੋਕਾਂ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਨ੍ਹਾਂ ਵਿਚੋਂ 3,038 ਨੂੰ 'ਸੰਵੇਦਨਸ਼ੀਲ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਇਸੇ ਤਰ੍ਹਾਂ ਹੋਰਨਾਂ ਸੂਬਿਆਂ ਵਿਚ ਵੀ ਜ਼ਿਮਨੀ ਚੋਣਾਂ ਦੀਆਂ ਸੀਟਾਂ ਤੇ ਵੋਟਿੰਗ ਹੋਵੇਗੀ। 1. ਮੱਧ ਪ੍ਰਦੇਸ਼--28, 2. ਗੁਜਰਾਤ-8, 3. ਯੂ ਪੀ--7, 4. ਕਰਨਾਟਕ--2, 5. ਉਡੀਸਾ--2, 6.ਝਾਰਖੰਡ-2, 7. ਨਾਗਾਲੈਂਡ--2, 8. ਮਨੀਪੁਰ--2, 9. ਤੇਲੰਗਾਨਾ-1, 10. ਹਰਿਆਣਾ--1, 11. ਛਤੀਸ਼ਗੜ੍ਹ-1.(ਪੀਟੀਆਈ)