
ਇਸ ਦੇ ਨਾਲ ਹੀ ਉਹਨਾਂ ਨੇ ਬਲੂ ਟਿੱਕ ਲਈ ਭੁਗਤਾਨ ਕਰਨ ਦੇ ਫਾਇਦੇ ਵੀ ਗਿਣਾਏ।
ਨਵੀਂ ਦਿੱਲੀ: ਟਵਿਟਰ ਦੇ ਮਾਲਕ ਐਲੋਨ ਮਸਕ ਨੇ 'ਬਲੂ ਟਿੱਕ' ਫੀਸ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਇਸ ਲਈ ਹਰ ਮਹੀਨੇ 8 ਡਾਲਰ ਦੀ ਰਕਮ ਅਦਾ ਕਰਨੀ ਪਵੇਗੀ। ਇਹ ਜਾਣਕਾਰੀ ਦਿੰਦਿਆਂ ਉਹਨਾਂ ਨੇ ਬਲੂ ਟਿੱਕ ਨੂੰ ਲੋਕਾਂ ਲਈ ਵੱਡੀ ਤਾਕਤ ਦੱਸਿਆ। ਇਸ ਦੇ ਨਾਲ ਹੀ ਉਹਨਾਂ ਨੇ ਬਲੂ ਟਿੱਕ ਲਈ ਭੁਗਤਾਨ ਕਰਨ ਦੇ ਫਾਇਦੇ ਵੀ ਗਿਣਾਏ।
ਉਹਨਾਂ ਨੇ ਲਿਖਿਆ ਕਿ ਬਲੂ ਟਿੱਕ ਨੂੰ ਸਬੰਧਤ ਦੇਸ਼ ਦੀ ਖਰੀਦ ਸ਼ਕਤੀ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ। ਇਸ ਦੇ ਫਾਇਦੇ ਗਿਣਾਉਂਦੇ ਹੋਏ ਮਸਕ ਨੇ ਟਵੀਟ ਵਿਚ ਲਿਖਿਆ ਕਿ ਇਹ ਤੁਹਾਨੂੰ ਜਵਾਬ, ਮੈਨਸ਼ਨ ਅਤੇ ਸਰਚ ਵਿਚ ਤਰਜੀਹ ਦੇਵੇਗਾ, ਜੋ ਕਿ ਬਹੁਤ ਮਹੱਤਵਪੂਰਨ ਹੈ। ਇੰਨਾ ਹੀ ਨਹੀਂ ਤੁਸੀਂ ਲੰਬੇ ਵੀਡੀਓਜ਼ ਅਤੇ ਆਡੀਓਜ਼ ਨੂੰ ਵੀ ਪੋਸਟ ਕਰ ਸਕੋਗੇ। ਇਸ਼ਤਿਹਾਰਾਂ ਦੀ ਗਿਣਤੀ ਵੀ ਸੀਮਤ ਹੋਵੇਗੀ।
ਦੱਸ ਦੇਈਏ ਕਿ ਐਲੋਨ ਮਸਕ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਤੌਰ 'ਤੇ ਕੰਮ ਕਰਨਗੇ। ਉਹਨਾਂ ਨੇ ਹਾਲ ਹੀ ਵਿਚ 44 ਬਿਲੀਅਨ ਡਾਲਰ ਵਿਚ ਟਵਿਟਰ ਖਰੀਦਿਆ ਹੈ। ਪਿਛਲੇ ਹਫਤੇ ਟਵਿਟਰ ਦੇ ਪਿਛਲੇ ਸੀਈਓ ਪਰਾਗ ਅਗਰਵਾਲ ਅਤੇ ਸੀਨੀਅਰ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।