ਕਿਹਾ- ਕਾਤਲ ਅਤੇ ਬਲਾਤਕਾਰੀ ਲੋਕਾਂ ਨੂੰ ਬਣਾ ਰਿਹਾ ਮੂਰਖ
ਸ਼ਿਮਲਾ: ਹਿਮਾਚਲ ਦੇ ਦਿੱਗਜ ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਸੌਦਾ ਸਾਧ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਸੌਦਾ ਸਾਧ ਪੈਰੋਲ ’ਤੇ ਬਾਹਰ ਆ ਕੇ ਉਪਦੇਸ਼ ਦੇ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਚਮਤਕਾਰ ਨਾਲ ਪੁੱਤਰ ਹੋਵੇਗਾ। ਜੇ ਇਹ ਚਮਤਕਾਰ ਸੱਚ ਹੈ, ਤਾਂ ਉਹ ਉਸ ਚਮਤਕਾਰ ਨਾਲ ਆਪਣਾ ਦੋਸ਼ ਕਿਉਂ ਨਹੀਂ ਛੁਪਾ ਸਕਿਆ? ਉਹ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿਚ ਕਿਵੇਂ ਫੜਿਆ ਗਿਆ?
ਸ਼ਾਂਤਾ ਕੁਮਾਰ ਦੇ ਇਹ ਸ਼ਬਦ ਅਹਿਮ ਹਨ ਕਿਉਂਕਿ ਭਾਜਪਾ ਨੇ ਉਹਨਾਂ ਨੂੰ ਹਿਮਾਚਲ ਚੋਣਾਂ ਵਿਚ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਦੇ ਨਾਲ ਹੀ ਹਿਮਾਚਲ 'ਚ ਕੁਝ ਦਿਨ ਪਹਿਲਾਂ ਸੀਐੱਮ ਜੈ ਰਾਮ ਠਾਕੁਰ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਬਿਕਰਮ ਠਾਕੁਰ ਸੌਦਾ ਸਾਧ ਦੇ ‘ਸਤਿਸੰਗ’ 'ਚ ਗਏ ਸੀ। ਸ਼ਾਂਤਾ ਕੁਮਾਰ ਨੇ ਕਿਹਾ ਕਿ ਸੱਤਾ ਅਤੇ ਵੋਟਾਂ ਦੀ ਭੁੱਖ ਨੇਤਾਵਾਂ ਨੂੰ ਹਨੇਰੇ ਵਿਚ ਧੱਕ ਰਹੀ ਹੈ। ਪ੍ਰਮਾਤਮਾ ਅਜਿਹੇ ਆਗੂਆਂ ਨੂੰ ਬੁੱਧੀ ਦੇਵੇ।
ਉਹਨਾਂ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਵਾਰ-ਵਾਰ ਪੈਰੋਲ ਦੇਣਾ ਮੰਦਭਾਗਾ ਹੈ। ਸਿਰਫ਼ ਸੱਤਾ ਅਤੇ ਵੋਟਾਂ ਦੀ ਖ਼ਾਤਰ ਉਸ ਵਰਗੇ ਅਪਰਾਧੀਆਂ ਨੂੰ ਜੇਲ੍ਹਾਂ ਵਿਚੋਂ ਕੱਢਿਆ ਜਾ ਰਿਹਾ ਹੈ। ਦੇਸ਼ ਦਾ ਕਾਨੂੰਨ ਬਦਲਣਾ ਚਾਹੀਦਾ ਹੈ। ਅਪਰਾਧੀਆਂ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ।