
ਨਵੇਂ ਬਿਲ ਦੀ ਨਹੀਂ ਕੋਈ ਜ਼ਰੂਰਤ - ਐੱਮ.ਵੈਂਕਈਆ ਨਾਇਡੂ
ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਹੈਦਰਾਬਾਦ ‘ਚ ਲੇਡੀ ਵੈਟਰਨਰੀ ਡਾਕਟਰ ਨਾਲ ਜਬਰ-ਜਨਾਹ ਨੂੰ ਦੇਸ਼ ਲਈ ਸਰਮਸ਼ਾਰ ਕਰਨ ਵਾਲੀ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਅਸੀ ਨਵੇਂ ਕਾਨੂੰਨ ਲਈ ਤਿਆਰ ਹਾਂ, ਜਿਸ ਲਈ ਸਦਨ ਵੀ ਸਹਿਮਤ ਹੋਵੇਗਾ।
file photo
ਹੈਦਰਾਬਾਦ ‘ਚ ਲੇਡੀ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਨੂੰ ਲੈ ਕੇ ਜਿੱਥੇ ਸਮੁੱਚੇ ਦੇਸ਼ ਵਿਚ ਗੁੱਸਾ ਪਾਇਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਇਸ ਦੀ ਗੂੰਜ ਅੱਜ ਸੋਮਵਾਰ ਨੂੰ ਸੰਸਦ ਦੇ ਸਰਦ- ਰੁੱਤ ਸੈਸ਼ਨ ਸਮੇਂ ਰਾਜ ਸਭਾ ‘ਚ ਵੀ ਸੁਣਾਈ ਦਿੱਤੀ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਗੁਲਾਮ ਨਬੀ ਅਜ਼ਾਦ ਨੇ ਹੈਦਰਾਬਾਦ ‘ਚ ਵੈਟਰਨਰੀ ਡਾਕਟਰ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਕਿਹਾ ਕਿ ਕੋਈ ਵੀ ਸਰਕਾਰ ਆਪਣੇ ਸੂਬੇ ਵਿਚ ਅਜਿਹੀ ਘਟਨਾ ਨਹੀਂ ਚਾਹੇਗੀ। ਉਨ੍ਹਾਂ ਕਿਹਾ ਕਿ ਸਮੱਸਿਆ ਸਿਰਫ਼ ਕਾਨੂੰਨ ਬਣਾ ਕੇ ਖ਼ਤਮ ਨਹੀਂ ਹੋਵੇਗੀ।
file photo
ਸ੍ਰੀ ਆਜ਼ਾਦ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ ਨੂੰ ਖਤਮ ਕਰਨ ਲਈ ਸਾਨੂੰ ਸੱਭ ਨੂੰ ਅਜਿਹੇ ਅਪਰਾਧਾਂ ਵਿਰੁੱਧ ਇੱਕਜੁਟ ਹੋ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ। ਰਾਜ ਸਭਾ ‘ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਅਜਿਹੇ ਵਹਿਸ਼ੀਆਂ ਨੂੰ ਲੋਕਾਂ ਦੀ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਜਿੱਥੇ ਲੋਕਾਂ ਦੀ ਕੁੱਟਮਾਰ ਨਾਲ ਹੀ ਉਹ ਖ਼ਤਮ ਹੋ ਜਾਣ।
file photo
ਇਸ ਦੌਰਾਨ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੇ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਕਿਹਾ ਕਿ ਨਵੇਂ ਬਿਲ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਹੈ ਸਿਆਸੀ ਇੱਛਾ ਸ਼ਕਤੀ, ਪ੍ਰਸ਼ਾਸਨਿਕ ਸਮਰੱਥਾ, ਲੋਕਾਂ ਦੀ ਮਾਨਸਿਕਤਾ ਵਿਚ ਤਬਦੀਲੀ ਅਤੇ ਉਸ ਤੋਂ ਬਾਅਦ ਸਮਾਜ ‘ਚੋਂ ਅਜਿਹੇ ਸ਼ੈਤਾਨਾਂ ਦਾ ਖ਼ਾਤਮਾ ਕੀਤਾ ਜਾਣਾ ਚਾਹੀਦਾ ਹੈ।