
ਅਰੁਣ ਰੈੱਡੀ ਨਾਮ ਦਾ ਵਿਅਕਤੀ ਗ੍ਰਿਫ਼ਤਾਰ
Amit Shah Fake Video Case: ਨਵੀਂ ਦਿੱਲੀ - ਦਿੱਲੀ ਪੁਲਿਸ ਨੇ ਅਮਿਤ ਸ਼ਾਹ ਦੇ ਡੀਪ ਫੇਕ ਵੀਡੀਓ ਮਾਮਲੇ ਵਿਚ ਪਹਿਲੀ ਗ੍ਰਿਫਤਾਰੀ ਕੀਤੀ ਹੈ। ਅਰੁਣ ਰੈਡੀ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਲਕੇ ਅਦਾਲਤ ਵਿੱ ਚ ਪੇਸ਼ ਕੀਤਾ ਜਾਵੇਗਾ। ਪੁਲਿਸ ਮੁਤਾਬਕ ਅਰੁਣ ਰੈੱਡੀ ਸੋਸ਼ਲ ਮੀਡੀਆ 'ਤੇ ਸਪਿਰਿਟ ਆਫ ਕਾਂਗਰਸ ਦੇ ਨਾਂ 'ਤੇ ਅਕਾਊਂਟ ਚਲਾ ਰਿਹਾ ਸੀ ਅਤੇ ਅਮਿਤ ਸ਼ਾਹ ਦਾ ਐਡਿਟ ਕੀਤਾ ਵੀਡੀਓ ਪੋਸਟ ਕੀਤਾ ਸੀ।
ਜਾਣਕਾਰੀ ਮੁਤਾਬਕ ਅਰੁਣ ਰੈੱਡੀ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸੋਸ਼ਲ ਮੀਡੀਆ ਨੈਸ਼ਨਲ ਕੋਆਰਡੀਨੇਟਰ ਹਨ। ਰੈਡੀ 'ਤੇ ਆਪਣੇ ਮੋਬਾਈਲ ਫੋਨ ਤੋਂ ਸਬੂਤ ਮਿਟਾਉਣ ਦਾ ਵੀ ਦੋਸ਼ ਹੈ, ਇਸ ਲਈ ਉਸ ਦਾ ਮੋਬਾਈਲ ਫੋਨ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਅਰੁਣ ਰੈਡੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਕੱਲ੍ਹ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦਿੱਲੀ ਪੁਲਿਸ ਅਦਾਲਤ ਵਿਚ ਹੀ ਅਮਿਤ ਸ਼ਾਹ ਦੇ ਐਡਿਟ ਕੀਤੇ ਵੀਡੀਓ ਮਾਮਲੇ ਵਿਚ ਅਰੁਣ ਰੈੱਡੀ ਦੀ ਭੂਮਿਕਾ ਦਾ ਖੁਲਾਸਾ ਕਰੇਗੀ ਅਤੇ ਉਸ ਦੀ ਹਿਰਾਸਤ ਦੀ ਮੰਗ ਵੀ ਕਰੇਗੀ।
ਕੀ ਹੈ ਮਾਮਲਾ?
ਦਰਅਸਲ, ਰਿਜ਼ਰਵੇਸ਼ਨ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਫਰਜ਼ੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ। ਇਸ ਮਾਮਲੇ 'ਚ ਬੀਤੇ ਐਤਵਾਰ ਨੂੰ ਵੱਡੀ ਕਾਰਵਾਈ ਕੀਤੀ ਗਈ। ਫਰਜ਼ੀ ਵੀਡੀਓ ਫੈਲਾਉਣ ਵਾਲੇ ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਸੀ। ਇਸ ਫਰਜ਼ੀ ਵੀਡੀਓ ਨੂੰ ਲੈ ਕੇ ਇਹ ਗਲਤ ਧਾਰਨਾ ਫੈਲਾਈ ਜਾ ਰਹੀ ਸੀ ਕਿ ਅਮਿਤ ਸ਼ਾਹ ਨੇ SC, ST ਅਤੇ OBC ਰਾਖਵਾਂਕਰਨ ਹਟਾਉਣ ਦੀ ਗੱਲ ਕੀਤੀ ਹੈ। ਜਦੋਂਕਿ ਅਸਲ ਵਿਚ ਉਹਨਾਂ ਨੇ ਅਜਿਹਾ ਨਹੀਂ ਕਿਹਾ।
ਕੀ ਬੋਲੇ ਗ੍ਰਹਿ ਮੰਤਰੀ?
ਇਸ ਪੂਰੇ ਮਾਮਲੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਵਿਰੋਧੀ ਧਿਰ ਦੀ ਨਿਰਾਸ਼ਾ ਇਸ ਪੱਧਰ 'ਤੇ ਪਹੁੰਚ ਗਈ ਹੈ ਕਿ ਉਨ੍ਹਾਂ ਨੇ ਮੇਰੀ ਅਤੇ ਭਾਜਪਾ ਦੇ ਕੁਝ ਨੇਤਾਵਾਂ ਦੀ ਫਰਜ਼ੀ ਵੀਡੀਓ ਬਣਾ ਕੇ ਜਨਤਕ ਕਰ ਦਿੱਤੀ ਹੈ। ਉਨ੍ਹਾਂ ਦੇ ਮੁੱਖ ਮੰਤਰੀ, ਸੂਬਾ ਪ੍ਰਧਾਨ ਆਦਿ ਨੇ ਵੀ ਇਸ ਫਰਜ਼ੀ ਵੀਡੀਓ ਨੂੰ ਅੱਗੇ ਭੇਜਣ ਦਾ ਕੰਮ ਕੀਤਾ ਹੈ। ਸ਼ਾਹ ਨੇ ਕਿਹਾ ਕਿ ਜਦੋਂ ਤੋਂ ਰਾਹੁਲ ਗਾਂਧੀ ਨੇ ਕਾਂਗਰਸ ਦੀ ਕਮਾਨ ਸੰਭਾਲੀ ਹੈ, ਉਹ ਰਾਜਨੀਤੀ ਦੇ ਪੱਧਰ ਨੂੰ ਨਵੇਂ ਨੀਵੇਂ ਪੱਧਰ 'ਤੇ ਲਿਜਾਣ ਦਾ ਕੰਮ ਕਰ ਰਹੇ ਹਨ।