ਜੂਨ ਵਿੱਚ ਸਭ ਤੋਂ ਵੱਧ ਇੱਕ ਦਿਨ ਦੀ ਬਾਰਿਸ਼ 16 ਜੂਨ 1891 ਨੂੰ ਦਰਜ ਕੀਤੀ ਗਈ ਸੀ
Bengaluru Rain : ਬੈਂਗਲੁਰੂ ਵਿੱਚ 2 ਜੂਨ ਨੂੰ 111 ਮਿਲੀਮੀਟਰ ਬਾਰਿਸ਼ ਹੋਈ, ਜਿਸ ਨੇ ਜੂਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਸ਼ ਦਾ 133 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਭਾਰਤ ਮੌਸਮ ਵਿਭਾਗ (IMD) ਦੇ ਬੈਂਗਲੁਰੂ ਦੇ ਵਿਗਿਆਨੀ ਐਨ ਪੁਵੀਰਾਸਨ ਨੇ ਪੁਸ਼ਟੀ ਕੀਤੀ ਕਿ 2 ਜੂਨ 2024 ਨੂੰ ਜੂਨ 'ਚ 133 ਸਾਲਾਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਿਸ਼ ਹੋਈ ਸੀ, ਉਨ੍ਹਾਂ ਨੇ ਇਹ ਵੀ ਕਿਹਾ ਕਿ 1 ਜੂਨ ਅਤੇ 2 ਜੂਨ ਨੂੰ ਹੋਈ ਬਾਰਿਸ਼ 140.7 ਮਿਲੀਮੀਟਰ ਜੂਨ ਦੀ ਮਾਸਿਕ ਔਸਤ ਨਾਲੋਂ ਵੱਧ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜੂਨ ਵਿੱਚ ਸਭ ਤੋਂ ਵੱਧ ਇੱਕ ਦਿਨ ਦੀ ਬਾਰਿਸ਼ 16 ਜੂਨ 1891 ਨੂੰ ਦਰਜ ਕੀਤੀ ਗਈ ਸੀ।
ਭਾਰੀ ਮੀਂਹ ਤੋਂ ਬਾਅਦ ਜੈਨਗਰ ਦੇ ਨਿਵਾਸੀਆਂ ਨੇ ਟ੍ਰਿਨਿਟੀ ਮੈਟਰੋ ਸਟੇਸ਼ਨ ਦੇ ਨੇੜੇ ਡਿੱਗੇ ਦਰੱਖਤ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ਕਾਰਨ ਸੜਕ 'ਤੇ ਪਾਣੀ ਭਰਨ ਤੋਂ ਇਲਾਵਾ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬਾਰਿਸ਼ ਕਾਰਨ ਬੈਂਗਲੁਰੂ 'ਚ ਕੰਮਕਾਜ ਠੱਪ ਹੋ ਗਿਆ।
ਬੈਂਗਲੁਰੂ ਦੇ IMD ਸੈਂਟਰ ਦੇ ਮੁਖੀ ਸੀਐਸ ਪਾਟਿਲ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਕਰਨਾਟਕ ਵਿੱਚ ਅੱਗੇ ਵੱਧ ਗਿਆ ਹੈ ਅਤੇ ਕੁਝ ਜ਼ਿਲ੍ਹਿਆਂ ਲਈ 5 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਅਗਲੇ ਦੋ ਦਿਨਾਂ 'ਚ ਕਰਨਾਟਕ ਵਿੱਚ ਦੱਖਣੀ ਕੰਨੜ, ਉਡੁਪੀ ਅਤੇ ਉੱਤਰਾ ਕੰਨੜ, ਉੱਤਰੀ ਕਰਨਾਟਕ ਵਿੱਚ ਬਾਗਲਕੋਟ, ਬੇਲਾਗਵੀ, ਧਾਰਵਾੜ, ਗਦਗ, ਹਾਵੇਰੀ, ਕੋਪਲ ਅਤੇ ਵਿਜੇਪੁਰਾ ਅਤੇ ਦੱਖਣ ਅੰਦਰੂਨੀ ਕਰਨਾਟਕ ਵਿੱਚ ਬਲਾਰੀ, ਬੈਂਗਲੁਰੂ (ਪੇਂਡੂ ਅਤੇ ਸ਼ਹਿਰੀ), ਚਿੱਕਬੱਲਾਪੁਰਾ, ਦਵਾਂਗੇਰੇ ਚਿਤਰਦੁਰਗ, ਹਾਸਨ, ਮੈਸੂਰ, ਤੁਮਾਕੁਰੂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਉਪ ਮੁੱਖ ਮੰਤਰੀ ਡੀ.ਕੇ.ਸ਼ਿਵਕੁਮਾਰ ਨੇ ਕਿਹਾ ਕਿ ਉਹ ਜਲਦੀ ਹੀ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ, ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਪ੍ਰੀਸ਼ਦ ਚੋਣਾਂ ਤੋਂ ਬਾਅਦ ਅਧਿਕਾਰੀਆਂ ਦੀ ਮੀਟਿੰਗ ਕਰਾਂਗੇ ਅਤੇ ਬਾਰਿਸ਼ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਾਂਗੇ।