ਈ.ਡੀ. ਮੁਤਾਬਕ 1,100 ਕਰੋੜ ਰੁਪਏ ’ਚੋਂ ਕਵਿਤਾ 292.8 ਕਰੋੜ ਰੁਪਏ ਦੇ ਜੁਰਮ ’ਚ ਸ਼ਾਮਲ ਸੀ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੀ ਨੇਤਾ ਕੇ. ਕਵਿਤਾ ਵਿਰੁਧ ਦਿੱਲੀ ਦੀ ਇਕ ਅਦਾਲਤ ’ਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਈ.ਡੀ. ਮੁਤਾਬਕ 1,100 ਕਰੋੜ ਰੁਪਏ ’ਚੋਂ ਕਵਿਤਾ 292.8 ਕਰੋੜ ਰੁਪਏ ਦੇ ਜੁਰਮ ’ਚ ਸ਼ਾਮਲ ਸੀ।
ਇਹ ਦੋਸ਼ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਦੇ ਸਾਹਮਣੇ ਦਾਇਰ ਪੂਰਕ ਚਾਰਜਸ਼ੀਟ ’ਚ ਲਗਾਏ ਗਏ ਸਨ। ਸੋਮਵਾਰ ਨੂੰ ਉਸ ਨੇ ਕਵਿਤਾ ਦੀ ਨਿਆਂਇਕ ਹਿਰਾਸਤ 3 ਜੁਲਾਈ ਤਕ ਵਧਾ ਦਿਤੀ। ਕਵਿਤਾ ਨੂੰ ਪਹਿਲਾਂ ਜਾਰੀ ਕੀਤੇ ਗਏ ਪ੍ਰੋਡਕਸ਼ਨ ਵਾਰੰਟ ਦੀ ਪਾਲਣਾ ਕਰਦਿਆਂ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਅਤੇ ਵਿਸ਼ੇਸ਼ ਜੱਜ ਬਾਵੇਜਾ ਨੇ ਉਸ ਦੀ ਨਿਆਂਇਕ ਹਿਰਾਸਤ ਵਧਾ ਦਿਤੀ ਸੀ।
ਅਦਾਲਤ ਨੇ 29 ਮਈ ਨੂੰ ਚਾਰਜਸ਼ੀਟ ਦਾ ਨੋਟਿਸ ਲੈਂਦੇ ਹੋਏ ਬੀ.ਆਰ.ਐਸ. ਨੇਤਾ ਵਿਰੁਧ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਇਸ ਮਾਮਲੇ ਦੇ ਤਿੰਨ ਸਹਿ-ਮੁਲਜ਼ਮਾਂ ਪ੍ਰਿੰਸ, ਦਾਮੋਦਰ ਅਤੇ ਅਰਵਿੰਦ ਸਿੰਘ ਨੂੰ ਜ਼ਮਾਨਤ ਦੇ ਦਿਤੀ ਹੈ। ਈ.ਡੀ. ਦੀ ਜਾਂਚ ਦੌਰਾਨ ਤਿੰਨਾਂ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਹਾਲਾਂਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਚਾਰਜਸ਼ੀਟ ’ਚ ਕਿਹਾ ਗਿਆ ਹੈ, ‘‘ਹੁਣ ਤਕ ਦੀ ਜਾਂਚ ਮੁਤਾਬਕ ਅਪਰਾਧ ਦੀ ਕੁਲ ਰਕਮ 1,100 ਕਰੋੜ ਰੁਪਏ ਹੈ, ਜਿਸ ’ਚੋਂ 292.8 ਕਰੋੜ ਰੁਪਏ ਦੀ ਅਪਰਾਧ ਦੀ ਰਕਮ ਮੁਕੱਦਮੇ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਹੈ। ਕਵਿਤਾ, ਚਮਪ੍ਰੀਤ ਸਿੰਘ, ਪ੍ਰਿੰਸ ਕੁਮਾਰ, ਦਾਮੋਦਰ ਸ਼ਰਮਾ ਅਤੇ ਅਰਵਿੰਦ ਸਿੰਘ ਵਰਗੀਆਂ ਦੋਸ਼ੀਆਂ ਦੀਆਂ ਗਤੀਵਿਧੀਆਂ ਰਾਹੀਂ ਅਪਰਾਧ ਤੋਂ ਵੱਡੀ ਕਮਾਈ ਕੀਤੀ ਗਈ ਹੈ।’’
ਚਾਰਜਸ਼ੀਟ ’ਚ ਦਾਅਵਾ ਕੀਤਾ ਗਿਆ ਹੈ ਕਿ ਕਵਿਤਾ ਉਨ੍ਹਾਂ 292.8 ਕਰੋੜ ਰੁਪਏ (ਅਪਰਾਧ ਅਤੇ ਲਾਂਡਰਿੰਗ) ’ਚ ਸ਼ਾਮਲ ਸੀ, ਜਿਨ੍ਹਾਂ ’ਚੋਂ 100 ਕਰੋੜ ਰੁਪਏ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਨੂੰ ਦਿਤੇ ਗਏ ਸਨ।
ਦਸਤਾਵੇਜ਼ਾਂ ’ਚ ਦੋਸ਼ ਲਾਇਆ ਗਿਆ ਹੈ ਕਿ ਕਵਿਤਾ ਨੇ ਮੁਲਜ਼ਮ ਵਿਜੇ ਨਾਇਰ (ਜੋ ‘ਆਪ’ ਦੇ ਚੋਟੀ ਦੇ ਨੇਤਾਵਾਂ ਦੀ ਤਰਫੋਂ ਕੰਮ ਕਰ ਰਿਹਾ ਸੀ) ਰਾਹੀਂ ਸਾਊਥ ਗਰੁੱਪ ਦੇ ਮੈਂਬਰਾਂ ਅਤੇ ‘ਆਪ’ ਆਗੂਆਂ ਨਾਲ ਮਿਲ ਕੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਅਤੇ ਨਾਜਾਇਜ਼ ਲਾਭ ਲੈਣ ਦੀ ਸਾਜ਼ਸ਼ ਰਚੀ।
ਚਾਰਜਸ਼ੀਟ ’ਚ ਦਾਅਵਾ ਕੀਤਾ ਗਿਆ ਹੈ ਕਿ ਫਿਰ ਉਸ ਨੇ ਇਹ ਪੈਸਾ ਸਰਕਾਰੀ ਅਧਿਕਾਰੀਆਂ ਨੂੰ ਟ੍ਰਾਂਸਫਰ ਕਰਨ ’ਚ ਹਿੱਸਾ ਲਿਆ। ਈ.ਡੀ. ਨੇ ਦਾਅਵਾ ਕੀਤਾ ਕਿ ਕਵਿਤਾ ਨੇ ਇਸ ਮਾਮਲੇ ਵਿਚ ਦੋਸ਼ੀ ਕੰਪਨੀ ‘ਇੰਡੋਸਪਿਰਿਟਸ’ ਬਣਾਉਣ ਦੀ ਸਾਜ਼ਸ਼ ਰਚ ਕੇ 192.8 ਕਰੋੜ ਰੁਪਏ ਦੀ ਪ੍ਰਾਪਤੀ ਅਤੇ ਵਰਤੋਂ ਵਿਚ ਹਿੱਸਾ ਲਿਆ, ਜੋ ਰਿਸ਼ਵਤ ਦੇ ਭੁਗਤਾਨ ਨਾਲ ਪ੍ਰਾਪਤ ਹੋਇਆ ਸੀ।
ਈ.ਡੀ. ਨੇ ਦੋਸ਼ ਲਾਇਆ ਕਿ ‘ਇੰਡੋਸਪਿਰਿਟਸ’ ਨੇ ਕੰਪਨੀ ਨੂੰ ਇਕ ਅਸਲ ਇਕਾਈ ਵਜੋਂ ਪੇਸ਼ ਕੀਤਾ ਅਤੇ ਕੰਪਨੀ ਦੇ ਮੁਨਾਫੇ ਵਜੋਂ 192.8 ਕਰੋੜ ਰੁਪਏ ਦੀ ਰਕਮ ਦਾ ਐਲਾਨ ਕੀਤਾ।
ਉਸ ’ਤੇ ਕੇਸ ’ਚ ਅਪਣੀ ਭੂਮਿਕਾ ਅਤੇ ਸ਼ਮੂਲੀਅਤ ਨੂੰ ਲੁਕਾਉਣ ਲਈ ਡਿਜੀਟਲ ਸਬੂਤਾਂ ਨੂੰ ਨਸ਼ਟ ਕਰਨ ਦਾ ਵੀ ਦੋਸ਼ ਲਗਾਇਆ ਗਿਆ ਸੀ। ਬੀ.ਆਰ.ਐਸ. ਨੇਤਾ ਕਥਿਤ ਘਪਲੇ ’ਚ ਈ.ਡੀ. ਅਤੇ ਸੀ.ਬੀ.ਆਈ. ਵਲੋਂ ਦਰਜ ਦੋ ਮਾਮਲਿਆਂ ’ਚ ਨਿਆਂਇਕ ਹਿਰਾਸਤ ’ਚ ਹੈ।
ਇਹ ਘਪਲਾ 2021-22 ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ’ਚ ਕਥਿਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਇਸ ਆਬਕਾਰੀ ਨੀਤੀ ਨੂੰ ਬਾਅਦ ’ਚ ਰੱਦ ਕਰ ਦਿਤਾ ਗਿਆ ਸੀ। ਕਵਿਤਾ (46) ਨੂੰ ਈ.ਡੀ. ਨੇ 15 ਮਾਰਚ ਨੂੰ ਹੈਦਰਾਬਾਦ ’ਚ ਬੰਜਾਰਾ ਹਿਲਸ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਉਸ ਨੂੰ ਸੀ.ਬੀ.ਆਈ. ਨੇ ਤਿਹਾੜ ਜੇਲ੍ਹ ਤੋਂ ਗ੍ਰਿਫਤਾਰ ਕੀਤਾ ਸੀ।