
ਕਾਂਗਰਸ ਨੇ ਜੰਮੂ ਕਸ਼ਮੀਰ ਵਿਚ ਪੀਡੀਪੀ ਨਾਲ ਗਠਜੋੜ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ.....
ਨਵੀਂ ਦਿੱਲੀ: ਕਾਂਗਰਸ ਨੇ ਜੰਮੂ ਕਸ਼ਮੀਰ ਵਿਚ ਪੀਡੀਪੀ ਨਾਲ ਗਠਜੋੜ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਰਾਜ ਵਿਚ ਛੇਤੀ ਤੋਂ ਛੇਤੀ ਚੋਣਾਂ ਕਰਾਈਆਂ ਜਾਣ। ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਜੰਮੂ ਕਸ਼ਮੀਰ ਵਿਚ ਛੇਤੀ ਤੋਂ ਛੇਤੀ ਚੋਣਾਂ ਕਰਾਈਆਂ ਜਾਣ। ਜੰਮੂ ਕਸ਼ਮੀਰ ਨਾਲ ਸਬੰਧਤ ਕਾਂਗਰਸ ਦੇ ਕੋਰ ਗਰੁਪ ਨੇ ਰਾਜ ਦੇ ਮੌਜੂਦਾ ਰਾਜਸੀ ਹਾਲਾਤ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਪੀਡੀਪੀ ਨਾਲ ਗਠਜੋੜ ਨਾ ਕਰਨ ਦੇ ਅਪਣੇ ਰੁਖ਼ 'ਤੇ ਉਹ ਕਾਇਮ ਹੈ। ਉਧਰ, ਸ੍ਰੀਨਗਰ ਵਿਚ ਕਲ ਕਾਂਗਰਸ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਆਗੂਆਂ ਦੀ ਬੈਠਕ ਹੋਵੇਗੀ
ਜਿਸ ਵਿਚ ਰਾਜਨੀਤਕ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਘਰ ਹੋਈ ਕੋਰ ਗਰੁਪ ਦੀ ਬੈਠਕ ਵਿਚ ਵਾਦੀ ਦੇ ਰਾਜਨੀਤਕ ਹਾਲਾਤ ਬਾਰੇ ਚਰਚਾ ਕੀਤੀ ਗਈ। ਬੈਠਕ ਵਿਚ ਕਰਨ ਸਿੰਘ, ਪੀ ਚਿਦੰਬਰਮ, ਅੰਬਿਕਾ ਸੋਨੀ, ਗ਼ੁਲਾਮ ਨਬੀ ਆਜ਼ਾਦ ਵੀ ਮੌਜੂਦ ਸਨ। ਬੈਠਕ ਮਗਰੋਂ ਅੰਬਿਕਾ ਸੋਨੀ ਨੇ ਕਿਹਾ ਕਿ ਕਲ ਸ੍ਰੀਨਗਰ ਵਿਚ ਪਾਰਟੀ ਦੇ ਆਗੂਆਂ ਅਤੇ ਵਿਧਾਇਕਾਂ ਦੀ ਬੈਠਕ ਹੋਵੇਗੀ। ਉਨ੍ਹਾਂ ਕਿਹਾ ਕਿ ਪੀਡੀਪੀ ਨਾਲ ਹੱਥ ਨਾ ਮਿਲਾਉਣ ਦੇ ਰੁਖ਼ 'ਤੇ ਕਾਂਗਰਸ ਕਾਇਮ ਹੈ। ਗ਼ੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,
'ਕਾਂਗਰਸ ਨੇ ਇਸ ਮਾਮਲੇ ਵਿਚ ਨਾ ਤਾਂ ਕੋਈ ਕਦਮ ਚੁਕਿਆ ਹੈ ਅਤੇ ਨਾ ਹੀ ਕੋਈ ਯਤਨ ਕੀਤਾ ਹੈ।' ਜੰਮੂ ਕਸ਼ਮੀਰ ਵਿਚ ਗਠਜੋੜ ਸਰਕਾਰ ਤੋਂ ਭਾਜਪਾ ਦੇ ਵੱਖ ਹੋਣ ਮਗਰੋਂ ਖ਼ਬਰਾਂ ਆਈਆਂ ਸਨ ਕਿ ਨੈਸ਼ਨਲ ਕਾਨਫ਼ਰੰਸ ਅਤੇ ਪੀਡੀਪੀ ਸਰਕਾਰ ਕਾਇਮੀ ਲਈ ਕਾਂਗਰਸ ਦੇ ਸੰਪਰਕ ਵਿਚ ਹਨ। ਆਜ਼ਾਦ ਨੇ ਪੀਡੀਪੀ ਨਾਲ ਗਠਜੋੜ ਕਰਨ ਦੀ ਸੰਭਾਵਨਾ ਨੂੰ ਕਲ ਰੱਦ ਕਰ ਦਿਤਾ ਸੀ। (ਏਜੰਸੀ)