
ਗਠਜੋੜ ਭਾਈਵਾਲ ਪੀਡੀਪੀ ਨਾਲ ਭਾਜਪਾ ਦਾ ਗਠਜੋੜ ਟੁੱਟਣ ਅਤੇ ਮੁੱਖ ਮੰਤਰੀ ਵਜੋਂ ਮਹਿਬੂਬਾ ਮੁਫ਼ਤੀ ਦੇ ਅਸਤੀਫ਼ੇ ਕਾਰਨ ਜੰਮੂ ਕਸ਼ਮੀਰ......
ਨਵੀਂ ਦਿੱਲੀ/ਸ੍ਰੀਨਗਰ : ਗਠਜੋੜ ਭਾਈਵਾਲ ਪੀਡੀਪੀ ਨਾਲ ਭਾਜਪਾ ਦਾ ਗਠਜੋੜ ਟੁੱਟਣ ਅਤੇ ਮੁੱਖ ਮੰਤਰੀ ਵਜੋਂ ਮਹਿਬੂਬਾ ਮੁਫ਼ਤੀ ਦੇ ਅਸਤੀਫ਼ੇ ਕਾਰਨ ਜੰਮੂ ਕਸ਼ਮੀਰ ਵਿਚ ਰਾਜਪਾਲ ਸ਼ਾਸਨ ਲਾਗੂ ਕਰ ਦਿਤਾ ਗਿਆ ਹੈ। ਇਕ ਦਹਾਕੇ ਵਿਚ ਇਹ ਚੌਥਾ ਮੌਕਾ ਹੈ ਜਦ ਰਾਜ ਵਿਚ ਰਾਜਪਾਲ ਸ਼ਾਸਨ ਲੱਗਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ, 'ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਵਿਚ ਫ਼ੌਰੀ ਤੌਰ 'ਤੇ ਰਾਜਪਾਲ ਸ਼ਾਸਨ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ।' ਕਸ਼ਮੀਰ ਵਿਚ ਕਲ ਰਾਤ ਭਰ ਰਾਜਨੀਤਕ ਘਟਨਾਕ੍ਰਮ ਜਾਰੀ ਰਿਹਾ।
ਜਦ ਰਾਜਪਾਲ ਐਨ ਐਨ ਵੋਹਰਾ ਨੇ ਅਪਣੀ ਰੀਪੋਰਟ ਰਾਸ਼ਟਰਪਤੀ ਭਵਨ ਨੂੰ ਭੇਜੀ ਤਾਂ ਉਸ ਵਕਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਜਹਾਜ਼ ਵਿਚ ਸਨ। ਰੀਪੋਰਟ ਦਾ ਵੇਰਵਾ ਤੁਰਤ ਸੂਰੀਨਾਮ ਭੇਜਿਆ ਗਿਆ ਜਿਥੇ ਉਹ ਅਪਣੇ ਪਹਿਲੇ ਦੌਰੇ 'ਤੇ ਜਾ ਰਹੇ ਸਨ ਅਤੇ ਰਾਸ਼ਟਰਪਤੀ ਦਾ ਜਹਾਜ਼ ਭਾਰਤੀ ਸਮੇਂ ਅਨੁਸਾਰ ਤੜਕੇ ਤਿੰਨ ਵਜੇ ਉਤਰਨਾ ਸੀ। ਰਾਸ਼ਟਰਪਤੀ ਨੇ ਰੀਪੋਰਟ ਵੇਖਣ ਮਗਰੋਂ ਅਪਣੀ ਪ੍ਰਵਾਨਗੀ ਦੇ ਦਿਤੀ ਅਤੇ ਇਸ ਬਾਬਤ ਸਵੇਰੇ ਛੇ ਵਜੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਰਾਜਪਾਲ ਸ਼ਾਸਨ ਲਾਉਣ ਦੀ ਪ੍ਰਕ੍ਰਿਆ ਤਿਆਰ ਕੀਤੀ ਗਈ ਅਤੇ ਇਸ ਨੂੰ ਸ੍ਰੀਨਗਰ ਭੇਜਿਆ ਗਿਆ।
ਧਾਰਾ 92 ਤਹਿਤ ਰਾਜ ਵਿਚ ਰਾਜਪਾਲ ਸ਼ਾਸਨ ਲਾਗੂ ਕਰ ਦਿਤਾ ਗਿਆ ਹੈ। ਬੁਲਾਰੇ ਨੇ ਦਸਿਆ ਕਿ ਰਾਜਪਾਲ ਨੇ ਮੁੱਖ ਸਕੱਤਰ ਬੀ ਬੀ ਵਿਆਸ ਨਾਲ ਉਨ੍ਹਾਂ ਅਹਿਮ ਕੰਮਾਂ ਬਾਰੇ ਚਰਚਾ ਕੀਤੀ ਜਿਨ੍ਹਾਂ ਨੂੰ ਅੱਜ ਹੀ ਸ਼ੁਰੂ ਕਰ ਕੇ ਸਮਾਂ-ਸੀਮਾ ਵਿਚ ਪੂਰਾ ਕਰਨਾ ਹੈ। ਰਾਜਪਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਚਾਰ ਦਹਾਕਿਆਂ ਵਿਚ ਇਹ ਅਠਵਾਂ ਮੌਕਾ ਹੈ ਜਦ ਰਾਜਪਾਲ ਸ਼ਾਸਨ ਲੱਗਾ ਹੈ।
ਸਾਲ 2008 ਤੋਂ ਵੋਹਰਾ ਦੇ ਕਾਰਜਕਾਲ ਵਿਚ ਚੌਥੀ ਵਾਰ ਰਾਜ ਵਿਚ ਰਾਜਪਾਲ ਸ਼ਾਸਨ ਲਾਗੂ ਕੀਤਾ ਗਿਆ ਹੈ। ਭਾਜਪਾ ਨੇ ਕਲ ਦੁਪਹਿਰ ਅਚਾਨਕ ਹੀ ਪੀਡੀਪੀ ਨਾਲ ਤਿੰਨ ਸਾਲ ਪੁਰਾਣਾ ਗਠਜੋੜ ਤੋੜ ਦਿਤਾ ਸੀ ਅਤੇ ਉਥੇ ਰਾਜਪਾਲ ਸ਼ਾਸਨ ਲਾਉਣ ਦੀ ਮੰਗ ਕੀਤੀ ਸੀ। (ਏਜੰਸੀ)