
ਮ੍ਰਿਤਕ ਵਿਦਿਆਰਥੀ ਨੇ ਡਿਜ਼ਾਈਨਿੰਗ 'ਚ ਮਾਸਟਰ ਡਿਗਰੀ ਦੀ ਕੁਝ ਦਿਨ ਪਹਿਲਾਂ ਅੰਤਮ ਸਾਲ ਦੀ ਪ੍ਰੀਖਿਆ ਦਿੱਤੀ ਸੀ
ਹੈਦਰਾਬਾਦ : ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾਜੀ (ਆਈਆਈਟੀ) ਹੈਦਰਾਬਾਦ ਦੇ ਇਕ ਵਿਦਿਆਰਥੀ ਨੇ ਹੋਸਟਲ ਦੇ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਾਲ ਆਈਆਈਟੀ 'ਚ ਖ਼ੁਦਕੁਸ਼ੀ ਦਾ ਇਹ ਦੂਜਾ ਮਾਮਲਾ ਹੈ। ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਪ੍ਰੀਖਿਆ 'ਚ ਘੱਟ ਨੰਬਰ ਆਏ ਸਨ ਅਤੇ ਉਸ ਨੂੰ ਨੌਕਰੀ ਨਾ ਮਿਲਣ ਦਾ ਡਰ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।
IIT Hyderabad
ਹੈਦਰਾਬਾਦ ਦੇ ਸੰਗਾਰੇੱਡੀ ਦੇ ਪੁਲਿਸ ਉਪ ਕਮਿਸ਼ਨਰ ਪੀ. ਸ੍ਰੀਧਰ ਰੈੱਡੀ ਨੇ ਦੱਸਿਆ ਕਿ ਵਿਦਿਆਰਥੀ ਮਾਰਕ ਐਂਡ੍ਰਿਊ ਚਾਰਲਸ ਬੀਤੇ ਸੋਮਵਾਰ (2 ਜੁਲਾਈ) ਦੀ ਰਾਤ 11 ਵਜੇ ਆਪਣੇ ਹੋਸਟਲ ਦੇ ਕਮਰੇ 'ਚ ਸੌਣ ਚਲਾ ਗਿਆ ਸੀ। ਚਾਰਲਸ ਜਦੋਂ ਮੰਗਲਵਾਰ ਦੁਪਹਿਰ ਤਕ ਆਪਣੇ ਕਮਰੇ 'ਚੋਂ ਬਾਹਰ ਨਾ ਨਿਕਲਿਆ ਤਾਂ ਉਸ ਦੇ ਦੋਸਤਾਂ ਨੇ ਕਮਰੇ ਦਾ ਦਰਵਾਜਾ ਤੋੜ ਦਿੱਤਾ। ਉਨ੍ਹਾਂ ਵੇਖਿਆ ਕਿ ਚਾਰਲਸ ਫਾਹੇ 'ਤੇ ਲਮਕਿਆ ਹੋਇਆ ਸੀ।
Suicide
ਡਿਜ਼ਾਈਨਿੰਗ 'ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੇ ਚਾਰਲਸ ਨੇ ਕੁਝ ਦਿਨ ਪਹਿਲਾਂ ਅੰਤਮ ਸਾਲ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਹ ਅੰਤਮ ਪ੍ਰੈਜੇਂਟੇਸ਼ਨ ਦੀ ਤਿਆਰੀ ਕਰ ਰਿਹਾ ਸੀ। ਉਹ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਨਾਰਿਆ ਲੰਕਾ ਖੇਤਰ ਦਾ ਰਹਿਣ ਵਾਲਾ ਸੀ। ਹੈਦਰਾਬਾਦ ਪੁਲਿਸ ਨੇ ਉਸ ਕੋਲੋਂ ਇਕ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਕੀਤਾ ਹੈ। ਇਹ ਪੱਤਰ 8 ਪੰਨਿਆਂ ਦਾ ਹੈ, ਜਿਸ 'ਚ ਲਿਖਿਆ ਹੈ ਕਿ ਜੀਊਣਾ ਨਾ ਭੁੱਲੋ, ਤੁਹਾਡੇ ਕੋਲ ਇਕ ਹੀ ਜ਼ਿੰਦਗੀ ਹੈ।
ਚਾਰਲਸ ਨੇ ਲਿਖਿਆ, "ਮੈਨੂੰ ਪ੍ਰੀਖਿਆ 'ਚ ਵਧੀਆ ਨੰਬਰ ਨਹੀਂ ਮਿਲੇ ਹਨ। ਦੁਨੀਆ 'ਚ ਅਸਫ਼ਲਤਾ ਦਾ ਕੋਈ ਭਵਿੱਖ ਨਹੀਂ ਹੈ। ਕੋਈ ਵੀ ਸੰਸਥਾ ਕਿਸੇ ਹਾਰੇ ਹੋਏ ਮਨੁੱਖ ਨੂੰ ਨੌਕਰੀ ਨਹੀਂ ਦਿੰਦੀ। ਹਰ ਮਨੁੱਖ ਦੀ ਤਰ੍ਹਾਂ ਮੇਰੇ ਵੀ ਕੁਝ ਸੁਪਨੇ ਸਨ ਪਰ ਫਿਲਹਾਲ ਉਹ ਖਾਲੀ ਹਨ।"