
ਨਵਾਂ ਪ੍ਰਧਾਨ ਚੁਣੇ ਜਾਣ ਤੱਕ ਮੋਤੀਲਾਲ ਵੋਰਾ ਰਹਿਣਗੇ ਕਾਰਜਕਾਰੀ ਪ੍ਰਧਾਨ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਰਾਹੁਲ ਗਾਂਧੀ ਨੇ ਅਪਣੇ ਅਸਤੀਫ਼ੇ ਨੂੰ ਲੈ ਕੇ ਇਕ ਚਾਰ ਪੇਜ਼ ਦਾ ਪੱਤਰ ਲਿਖਿਆ ਹੈ। ਇਸ ਪੱਤਰ ਨੂੰ ਰਾਹੁਲ ਗਾਂਧੀ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ਹਾਰ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ। ਸਾਡੀ ਪਾਰਟੀ ਦੇ ਵਿਕਾਸ ਲਈ ਜਵਾਬਦੇਹੀ ਮਹੱਤਵਪੂਰਣ ਹੈ। ਇਸ ਕਾਰਨ ਕਰਕੇ ਮੈਂ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕਾਂਗਰਸ ਪ੍ਰਧਾਨ ਅਹੁਦੇ ’ਤੇ ਰਹਿਣਾ ਮੇਰੇ ਲਈ ਗਰਵ ਦੀ ਗੱਲ ਹੈ।
Rahul Gandhi
ਰਾਹੁਲ ਗਾਂਧੀ ਨੇ ਲਿਖਿਆ ਕਿ ਕਾਂਗਰਸ ਪਾਰਟੀ ਦੀ ਸੇਵਾ ਕਰਨਾ ਮੇਰੇ ਲਈ ਗਰਵ ਦਾ ਵਿਸ਼ਾ ਹੈ ਜਿਸ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਤਾਂ ਕਰਕੇ ਦੇਸ਼ ਦਾ ਵਿਕਾਸ ਹੋਇਆ ਹੈ। ਮੈਂ ਦੇਸ਼ ਅਤੇ ਪਾਰਟੀ ਵਲੋਂ ਮਿਲੇ ਪਿਆਰ ਲਈ ਅਹਿਸਾਨਮੰਦ ਹਾਂ। 2019 ਵਿਚ ਮਿਲੀ ਹਾਰ ਲਈ ਪਾਰਟੀ ਨੂੰ ਪੁਨਰ-ਸੰਗਠਿਤ ਕਰਨ ਦੀ ਜ਼ਰੂਰਤ ਹੈ। ਪਾਰਟੀ ਦੀ ਹਾਰ ਲਈ ਸਮੂਹਿਕ ਤੌਰ ’ਤੇ ਲੋਕਾਂ ਨੂੰ ਔਖਾ ਫ਼ੈਸਲੇ ਲੈਣੇ ਹੋਣਗੇ। ਇਹ ਬਹੁਤ ਗਲਤ ਹੋਵੇਗਾ ਕਿ ਪਾਰਟੀ ਦੀ ਹਾਰ ਲਈ ਸਾਰਿਆ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।
ਬਹੁਤ ਸਾਰੇ ਸਾਥੀਆਂ ਨੇ ਮੈਨੂੰ ਸੁਝਾਅ ਦਿਤਾ ਕਿ ਮੈਂ ਹੀ ਕਾਂਗਰਸ ਪਾਰਟੀ ਦੇ ਅਗਲੇ ਪ੍ਰਧਾਨ ਦੇ ਨਾਮ ਚੋਣ ਕਰਾਂ। ਇਹ ਠੀਕ ਹੈ ਕਿ ਕਿਸੇ ਦੀ ਤਤਕਾਲ ਜ਼ਰੂਰਤ ਹੈ ਕਿ ਕੋਈ ਸਾਡੀ ਪਾਰਟੀ ਨੂੰ ਲੀਡ ਕਰੇ। ਮੇਰੇ ਲਈ ਕਿਸੇ ਇਕ ਦੀ ਚੋਣ ਕਰਨਾ ਗਲਤ ਹੋਵੇਗਾ। ਸਾਡੀ ਪਾਰਟੀ ਦਾ ਇਤਿਹਾਸ ਬਹੁਤ ਗੌਰਵਸ਼ਾਲੀ ਰਿਹਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਹੁਣ ਇਹ ਪਾਰਟੀ ਹੀ ਤੈਅ ਕਰੇਗੀ ਕਿ ਕੌਣ ਸਾਡੀ ਅਗਵਾਈ ਹਿੰਮਤ, ਪਿਆਰ ਅਤੇ ਜ਼ਿੰਮੇਵਾਰੀ ਦੇ ਨਾਲ ਕਰ ਸਕਦਾ ਹੈ।
ਧਿਆਨ ਯੋਗ ਹੈ ਕਿ 2019 ਲੋਕਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਨਤੀਜਿਆਂ ਦੇ ਦਿਨ ਹੀ ਇਹ ਇੱਛਾ ਸਪੱਸ਼ਟ ਕੀਤੀ ਸੀ ਕਿ ਉਹ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਹਨ ਅਤੇ ਹਾਰ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਦੇ ਹਨ। ਇਸ ਦੇ ਬਾਅਦ ਤੋਂ ਹੀ ਕਾਂਗਰਸ ਦੇ ਕਈ ਵੱਡੇ ਨੇਤਾ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੰਗਲਵਾਰ ਨੂੰ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਪਾਰਟੀ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਸਨ ਕਿ ਰਾਹੁਲ ਗਾਂਧੀ ਅਸਤੀਫ਼ਾ ਵਾਪਸ ਲੈਣ ਪਰ ਰਾਹੁਲ ਗਾਂਧੀ ਨੇ ਅਪਣਾ ਫ਼ੈਸਲਾ ਨਹੀਂ ਬਦਲਿਆ।
Moti Lal Vohra
ਹੁਣ ਸੂਤਰਾਂ ਦਾ ਅਜਿਹਾ ਕਹਿਣਾ ਹੈ ਕਿ ਕਾਂਗਰਸ ਦੇ ਮੱਧਵਰਤੀ ਪ੍ਰਧਾਨ ਮੋਤੀਲਾਲ ਵੋਰਾ ਹੋਣਗੇ, ਜਦੋਂ ਤੱਕ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਕਰ ਲਈ ਜਾਂਦੀ।