
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਵੱਖ ਵੱਖ ਦੁਵੱਲੇ ਮੁੱਦਿਆਂ ਤੋਂ ਇਲਾਵਾ
ਨਵੀਂ ਦਿੱਲੀ, 2 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਵੱਖ ਵੱਖ ਦੁਵੱਲੇ ਮੁੱਦਿਆਂ ਤੋਂ ਇਲਾਵਾ ਕੋਵਿਡ-19 ਮਗਰੋਂ ਸੰਸਾਰ ਚੁਨੌਤੀਆਂ ਬਾਰੇ ਗੱਲਬਾਤ ਕੀਤੀ। ਸਰਕਾਰੀ ਬਿਆਨ ਮੁਤਾਬਕ ਦੋਹਾਂ ਆਗੂਆਂ ਨੇ ਕੋਵਿਡ-19 ਸੰਸਾਰ ਮਹਾਂਮਾਰੀ ਦੇ ਨਾਂਹਪੱਖੀ ਨਤੀਜਿਆਂ ਨੂੰ ਦੂਰ ਕਰਨ ਲਈ ਦੋਹਾਂ ਦੇਸ਼ਾਂ ਦੁਆਰਾ ਕੀਤੇ ਗਏ ਅਸਰਦਾਰ ਉਪਾਵਾਂ ਦੀ ਚਰਚਾ ਕੀਤੀ। ਨਾਲ ਹੀ ਕੋਵਿਡ ਮਗਰੋਂ ਦੁਨੀਆਂ ਦੀਆਂ ਚੁਨੌਤੀਆਂ ਨਾਲ ਮਿਲ ਕੇ ਮੁਕਾਬਲਾ ਕਰਨ ਲਈ ਭਾਰਤ ਅਤੇ ਰੂਸ ਦੇ ਕਰੀਬੀ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਸਹਿਮਤੀ ਪ੍ਰਗਟ ਕੀਤੀ।
Modi
ਦੋਹਾਂ ਆਗੂਆਂ ਦੀ ਟੈਲੀਫ਼ੋਨ ’ਤੇ ਗੱਲਬਾਤ ਵਿਚ ਇਸ ਗੱਲ ਬਾਰੇ ਵੀ ਸਹਿਮਤੀ ਬਣੀ ਕਿ ਦੁਵੱਲੇ ਸੰਪਰਕ ਅਤੇ ਸਲਾਹ ਦੀ ਗਤੀ ਕਾਇਮ ਰੱਖੀ ਜਾਵੇਗੀ ਜੋ ਇਸ ਸਾਲ ਦੇ ਅੰਤ ਵਿਚ ਭਾਰਤ ਵਿਚ ਸੰਸਾਰ ਦੁਵੱਲੇ ਸਿਖਰ ਸੰਮੇਲਨ ਕਰਵਾਉਣ ਵਿਚ ਮਦਦਗਾਰ ਹੋਵੇਗਾ। ਬਿਆਨ ਮੁਤਾਬਕ ਪੁਤਿਨ ਨੇ ਫ਼ੋਲ ਕਾਲ ਲਈ ਮੋਦੀ ਦਾ ਧਨਵਾਦ ਕੀਤਾ ਅਤੇ ਸਾਰੇ ਖੇਤਰਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਅੰਦਰੂਨੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਅਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਦੂਜੀ ਸੰਸਾਰ ਜੰਗ ਵਿਚ ਜਿੱਤ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਸਮਾਗਮਾਂ ਦੀ ਸਫ਼ਲਤਾ ਅਤੇ ਰੂਸ ਵਿਚ ਸੰਵਿਧਾਨਕ ਸੋਧਾਂ ਬਾਰੇ ਵੋਟਿੰਗ ਦੀ ਸਫ਼ਲ ਸਮਾਪਤੀ ਲਈ ਗਰਮਜੋਸ਼ੀ ਨਾਲ ਵਧਾਈ ਦਿਤੀ। ਪ੍ਰਧਾਨ ਮੰਤਰੀ ਨੇ 24 ਜੂਨ 2020 ਨੂੰ ਮਾਸਕੋ ਵਿਚ ਹੋਈ ਫ਼ੌਜੀ ਪਰੇਡ ਵਿਚ ਭਾਰਤੀ ਟੁਕੜੀ ਦੀ ਸ਼ਮੂਲੀਅਤ ਨੂੰ ਯਾਦ ਕਰਦਿਆਂ ਇਸ ਨੂੰ ਭਾਰਤ ਅਤੇ ਰੂਸ ਦੇ ਲੋਕਾਂ ਵਿਚਾਲੇ ਪੱਕੀ ਦੋਸਤੀ ਦਾ ਪ੍ਰਤੀਕ ਦਸਿਆ।
(ਏਜੰਸੀ)