6 ਲਾਸ਼ਾਂ ਦੀ ਪਛਾਣ ਅਜੇ ਨਹੀਂ ਹੋ ਸਕੀ
Hathras Stampede : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਭਾਜੜ ਦੌਰਾਨ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ। ਇਹ ਪ੍ਰਗਟਾਵਾ ਪੋਸਟਮਾਰਟਮ ਲਈ ਗੁਆਂਢੀ ਜ਼ਿਲ੍ਹੇ ਏਟਾ ਭੇਜੀਆਂ ਗਈਆਂ ਲਾਸ਼ਾਂ ਦੀ ਰੀਪੋਰਟ ’ਚ ਹੋਇਆ ਹੈ। ਇਕ ਸੀਨੀਅਰ ਡਾਕਟਰ ਨੇ ਇਹ ਜਾਣਕਾਰੀ ਦਿਤੀ।
ਹਾਥਰਸ ਦੇ ਫੁਲਰਾਈ ਪਿੰਡ ’ਚ ਮੰਗਲਵਾਰ ਨੂੰ ਭਾਜੜ ਮਚਣ ਤੋਂ ਬਾਅਦ 27 ਲਾਸ਼ਾਂ ਨੂੰ ਏਟਾ ਦੇ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ’ਚ ਲਿਆਂਦਾ ਗਿਆ, ਜਦਕਿ ਕੁੱਝ ਨੂੰ ਅਲੀਗੜ੍ਹ ਅਤੇ ਨੇੜਲੇ ਇਲਾਕਿਆਂ ਦੇ ਵੱਖ-ਵੱਖ ਹਸਪਤਾਲਾਂ ’ਚ ਭੇਜਿਆ ਗਿਆ। ਰਾਜ ਰਾਹਤ ਕਮਿਸ਼ਨਰ ਦੇ ਦਫਤਰ ਮੁਤਾਬਕ ਇਸ ਘਟਨਾ ’ਚ 121 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
ਏਟਾ ਦੇ ਵਧੀਕ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਰਾਮ ਮੋਹਨ ਤਿਵਾੜੀ ਨੇ ਦਸਿਆ ਕਿ ਇੱਥੇ ਲਿਆਂਦੀਆਂ ਗਈਆਂ 27 ਲਾਸ਼ਾਂ ਵਿਚੋਂ 19 ਦਾ ਪੋਸਟਮਾਰਟਮ ਕਰ ਦਿਤਾ ਗਿਆ ਹੈ ਜਦਕਿ ਸਟਾਫ ਅੱਧੀ ਰਾਤ ਦੇ ਕਰੀਬ 20ਵੀਂ ਲਾਸ਼ ਦਾ ਪੋਸਟਮਾਰਟਮ ਕਰਨ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਦਸਿਆ ਕਿ 6 ਲਾਸ਼ਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।
ਤਿਵਾਰੀ ਨੇ ਕਿਹਾ, ‘‘ਲਗਭਗ ਸਾਰੇ ਮਾਮਲਿਆਂ ’ਚ ਮੌਤ ਦਾ ਕਾਰਨ ਦਮ ਘੁੱਟਣਾ ਪਾਇਆ ਗਿਆ।’’ ਉਨ੍ਹਾਂ ਦਸਿਆ ਕਿ ਮਰਨ ਵਾਲਿਆਂ ’ਚ ਜ਼ਿਆਦਾਤਰ ਔਰਤਾਂ ਦੀ ਉਮਰ 40 ਤੋਂ 50 ਸਾਲ ਦੇ ਵਿਚਕਾਰ ਹੈ।