ਛੱਤੀਸਗੜ੍ਹ 'ਚ ਸਰਗੁਜਾ ਜ਼ਿਲ੍ਹੇ ਦੇ ਇਕ ਪਿੰਡ 'ਚ ਗਰਭਵਤੀ ਔਰਤ ਨੂੰ ਕੁੱਝ ਲੋਕ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਲੈ ਗਏ।
ਨਵੀਂ ਦਿੱਲੀ, 2 ਅਗੱਸਤ : ਛੱਤੀਸਗੜ੍ਹ 'ਚ ਸਰਗੁਜਾ ਜ਼ਿਲ੍ਹੇ ਦੇ ਇਕ ਪਿੰਡ 'ਚ ਗਰਭਵਤੀ ਔਰਤ ਨੂੰ ਕੁੱਝ ਲੋਕ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਲੈ ਗਏ। ਦਰਅਸਲ ਇਥੇ ਪਿੰਡ 'ਚ ਐਂਬੂਲੈਂਸ ਨਾ ਪਹੁੰਚਣ ਕਾਰਨ ਲੋਕਾਂ ਨੇ ਅਪਣੇ ਮੋਢਿਆਂ ਦੇ ਸਹਾਰੇ ਨਾਲ 'ਸਹਾਰੇ ਨਦੀ' ਨੂੰ ਪਾਰ ਕਰ ਕੇ ਮਹਿਲਾ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਪਿੰਡ ਦੀਆਂ ਸੜਕਾਂ ਖ਼ਰਾਬ ਹੋਣ ਕਾਰਨ ਐਂਬੂਲੈਂਸ ਦਾ ਪਿੰਡ ਪਹੁੰਚਣਾ ਮੁਮਕਿਨ ਨਹੀਂ ਸੀ, ਇਸ ਲਈ ਲੋਕਾਂ ਨੇ ਲਾਠੀਆਂ 'ਚ ਇਕ ਟੋਕਰੀ ਬੰਨ੍ਹ ਕੇ ਮਹਿਲਾ ਦੇ ਬੈਠਣ ਦਾ ਇੰਤਜ਼ਾਮ ਕੀਤਾ।
ਚਾਰ ਲੋਕਾਂ ਦੀ ਸਹਾਇਤਾ ਨਾਲ ਮਹਿਲਾ ਹਸਪਤਾਲ ਪਹੁੰਚੀ। ਸਰਗੁਜਾ ਦੇ ਕੁਲੈਕਟਰ ਸੰਜੈ ਕੁਮਾਰ ਝਾਅ ਨੇ ਕਿਹਾ ਕਿ ਇਹ ਵਧੀਆ ਸਿਹਤ ਸਹੂਲਤਾਂ ਨਾ ਹੋਣ ਦਾ ਮਾਮਲਾ ਨਹੀਂ ਹੈ। ਕੁੱਝ ਦੂਰ-ਦੁਰਾਡੇ ਪਿੰਡ ਅਜਿਹੇ ਹਨ, ਜਿਥੇ ਲੋਕਾਂ ਨੂੰ ਬਾਰਸ਼ ਦੇ ਦਿਨਾਂ 'ਚ ਆਉਣ-ਜਾਣ 'ਚ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਜਿਹੇ ਪਿੰਡਾਂ 'ਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਛੋਟੀਆਂ ਕਾਰਾਂ ਦੇ ਸੰਚਾਲਨ ਦੀ ਯੋਜਨਾ ਬਣਾ ਰਿਹਾ ਹੈ।
ਉਨ੍ਹਾਂ ਹੋਰ ਕਿਹਾ ਕਿ ਅਜਿਹੇ ਪਹੁੰਚ ਤੋਂ ਬਾਹਰ ਵਾਲੀਆਂ ਥਾਵਾਂ 'ਤੇ ਅਸੀਂ ਲੋਕਾਂ ਤਕ ਪਹੁੰਚਣ ਲਈ ਛੋਟੀਆਂ ਕਾਰਾਂ ਚਲਾਉਣ ਦੀ ਯੋਜਨਾ ਬਣਾ ਰਹੇ ਹਾਂ। ਕਾਰਾਂ ਜ਼ਰੀਏ ਲੋਕਾਂ ਦੇ ਘਰਾਂ ਤਕ ਪਹੁੰਚਣਾ ਸੰਭਵ ਨਹੀਂ ਹੋਵੇਗਾ ਪਰ ਅਸੀਂ ਲੋਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਮਦਦ ਕਰਨ ਲਈ ਉਨ੍ਹਾਂ ਦੇ ਘਰਾਂ ਨੇੜੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। (ਏਜੰਸੀ)