ਭਾਜਪਾ ਆਗੂ ਦਾ ਵਿਅੰਗ, DMK ਦੇ ਮੰਤਰੀ ਪਹਿਲਾਂ ਬੈਠ ਕੇ ਸਹਿਮਤੀ ਬਣਾ ਲੈਣ’’
Tamil Nadu : ਤਾਮਿਲਨਾਡੂ ਦੇ ਟਰਾਂਸਪੋਰਟ ਮੰਤਰੀ ਐੱਸ.ਐੱਸ. ਸ਼ਿਵਸ਼ੰਕਰ ਇਹ ਕਹਿ ਕੇ ਨਵਾਂ ਵਿਵਾਦ ਛੇੜ ਦਿਤਾ ਹੈ ਕਿ ‘ਭਗਵਾਨ ਰਾਮ ਦੀ ਹੋਂਦ ਦਾ ਕੋਈ ਸਬੂਤ ਨਹੀਂ ਹੈ।’
ਅਰੀਆਲੂਰ ’ਚ ਸਮਰਾਟ ਰਾਜੇਂਦਰ ਚੋਲਾ ਦੀ ਜਯੰਤੀ ’ਤੇ ਇਕ ਪ੍ਰੋਗਰਾਮ ’ਚ ਮੰਤਰੀ ਨੇ ਦਾਅਵਾ ਕੀਤਾ, ‘‘ਰਾਜੇਂਦਰ ਚੋਲਾ ਦੇ ਸ਼ਾਸਨਕਾਲ ਦੌਰਾਨ ਬਣਾਏ ਗਏ ਛੱਪੜ ਅਤੇ ਮੰਦਰ ਦਰਸਾਉਂਦੇ ਹਨ ਕਿ ਰਾਜਾ ਜੀਉਂਦੇ ਸਨ ਪਰ ਭਗਵਾਨ ਰਾਮ ਦੀ ਹੋਂਦ ਦੀ ਪੁਸ਼ਟੀ ਕਰਨ ਲਈ ਕੋਈ ਇਤਿਹਾਸਕ ਸਬੂਤ ਨਹੀਂ ਹੈ।’’
ਉਧਰ ਤਾਮਿਲਨਾਡੂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਕੇ. ਅੰਨਾਮਲਾਈ ਨੇ ਸ਼ਿਵਸ਼ੰਕਰ ਦੀ ਵਿਵਾਦਪੂਰਨ ਟਿਪਣੀ ਦਾ ਵੀਡੀਉ ਪੋਸਟ ਕਰਦੇ ਹੋਏ ਵਿਅੰਗ ਕਸਿਆ ਹੈ। ਅੰਨਾਮਲਾਈ ਨੇ ‘ਐਕਸ’ ’ਤੇ ਕਿਹਾ, ‘‘ਡੀ.ਐਮ.ਕੇ. ਦਾ ਭਗਵਾਨ ਰਾਮ ਪ੍ਰਤੀ ਅਚਾਨਕ ਵਧਿਆ ਜਨੂੰਨ ਸੱਚਮੁੱਚ ਵੇਖਣ ਯੋਗ ਹੈ - ਕਿਸ ਨੇ ਅਜਿਹਾ ਸੋਚਿਆ ਹੋਵੇਗਾ?’’
ਅੰਨਾਮਲਾਈ ਨੇ ਇਕ ਪੋਸਟ ’ਚ ਕਿਹਾ, ‘‘ਪਿਛਲੇ ਹਫਤੇ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐੱਮ.ਕੇ.) ਦੇ ਕਾਨੂੰਨ ਮੰਤਰੀ ਐੱਸ. ਰਘੂਪਤੀ ਨੇ ਕਿਹਾ ਸੀ ਕਿ ਭਗਵਾਨ ਰਾਮ ਸਮਾਜਕ ਨਿਆਂ ਦੇ ਮਜ਼ਬੂਤ ਸਮਰਥਕ, ਧਰਮ ਨਿਰਪੱਖਤਾ ਦੇ ਮੋਢੀ ਅਤੇ ਸਾਰਿਆਂ ਲਈ ਬਰਾਬਰੀ ਦੇ ਚੈਂਪੀਅਨ ਸਨ। ਪਰ ਹੁਣ ਟਰਾਂਸਪੋਰਟ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਗਵਾਨ ਰਾਮ ਕਦੇ ਮੌਜੂਦ ਨਹੀਂ ਸਨ।’’
ਭਾਜਪਾ ਨੇਤਾ ਨੇ ਸੁਝਾਅ ਦਿਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਡੀ.ਐਮ.ਕੇ. ਦੇ ਮੰਤਰੀ ਰਘੂਪਤੀ ਅਤੇ ਸ਼ਿਵਸ਼ੰਕਰ ਇਕੱਠੇ ਬੈਠਣ, ਵਿਚਾਰ ਵਟਾਂਦਰੇ ਕਰਨ ਅਤੇ ਭਗਵਾਨ ਰਾਮ ਬਾਰੇ ਆਮ ਸਹਿਮਤੀ ’ਤੇ ਪਹੁੰਚਣ।