
ਈਪੀਐਫ਼ਓ ਦੇ ਲਗਭਗ 60 ਲੱਖ ਪੈਨਸ਼ਨਰਜ਼ ਨੂੰ ਕੇਂਦਰ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ............
ਨਵੀਂ ਦਿੱਲੀ : ਈਪੀਐਫ਼ਓ ਦੇ ਲਗਭਗ 60 ਲੱਖ ਪੈਨਸ਼ਨਰਜ਼ ਨੂੰ ਕੇਂਦਰ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ। ਇਸ ਤਹਿਤ ਸਰਕਾਰ ਪੈਨਸ਼ਨਰਜ਼ ਨੂੰ ਆਯੁਸ਼ਮਾਨ ਸਕੀਮ ਦਾ ਲਾਭ ਦੇਣ 'ਤੇ ਵਿਚਾਰ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਕੀਮ ਤਹਿਤ ਪੈਨਸ਼ਨਰਜ਼ ਨੂੰ ਸਾਲਾਨਾ 5 ਲੱਖ ਰੁਪਏ ਤਕ ਦਾ ਸਿਹਤ ਬੀਮਾ ਮੁਫ਼ਤ 'ਚ ਮਿਲੇਗਾ। ਯਾਨੀ ਕਿ ਉਹ ਇਕ ਸਾਲ 'ਚ ਪੰਜ ਲੱਖ ਰੁਪਏ ਦਾ ਇਲਾਜ ਮੁਫ਼ਤ ਕਰਵਾ ਸਕਣਗੇ।
ਕੁਝ ਸਮਾਂ ਪਹਿਲਾਂ ਹੋਈ ਸੈਂਟਰਲ ਬੋਰਡ ਆਫ਼ ਟਰਸਟੀਜ਼ (ਸੀਬੀਟੀ) ਦੀ ਮੀਟਿੰਗ 'ਚ ਸੀਬੀਟੀ ਮੈਂਬਰ ਨੇ ਈਪੀਐਫ਼ਓ ਮੈਂਬਰਾਂ ਨੂੰ ਆਯੁਸ਼ਮਾਨ ਸਕੀਮ ਤਹਿਤ ਸਿਹਤ ਬੀਮੇ ਦਾ ਫ਼ਾਇਦਾ ਦੇਣ ਦੀ ਮੰਗ ਕੀਤੀ ਹੈ। ਸਰਕਾਰ ਇਸ ਮੰਗ 'ਤੇ ਵਿਚਾਰ ਕਰ ਰਹੀ ਹੈ। ਜੇਕਰ ਸਰਕਾਰ ਸੀਬੀਟੀ ਮੈਂਬਰਾਂ ਦੀ ਮੰਗ ਮੰਨ ਲੈਂਦੀ ਹੈ ਤਾਂ ਲਗਭਗ 60 ਲੱਖ ਪੈਨਸ਼ਨਰਜ਼ ਨੂੰ ਸਾਲਾਨਾ 5 ਲੱਖ ਰੁਪਏ ਦਾ ਸਿਹਤ ਬੀਮਾ ਮੁਫ਼ਤ ਮਿਲ ਜਾਵੇਗਾ।
ਈਪੀਐਫ਼ਓ ਪਿਛਲੇ ਕਾਫ਼ੀ ਸਮੇਂ ਤੋਂ ਅਪਣੇ ਪੈਨਸ਼ਨਰਜ਼ ਨੂੰ ਇਲਾਜ ਦੀ ਸਹੂਲਤ ਦੇਣ ਦੀ ਸਕੀਮ 'ਤੇ ਕੰਮ ਕਰ ਰਿਹਾ ਹੈ। ਹਾਲਾਂ ਕਿ ਇਸ ਸਕੀਮ 'ਤੇ ਆਉਣ ਵਾਲਾ ਖਰਚਾ ਕੌਣ ਉਠਾਵੇਗਾ ਇਸ 'ਤੇ ਕੋਈ ਫ਼ੈਸਲਾ ਨਹੀਂ ਹੋ ਪਾ ਰਿਹਾ ਹੈ। ਅਜਿਹੇ 'ਚ ਜੇਕਰ ਕੇਂਦਰ ਸਰਕਾਰ ਪੈਂਸ਼ਨਰਜ਼ ਨੂੰ ਆਯੁਸ਼ਮਾਨ ਸਕੀਮ ਦਾ ਫ਼ਾਇਦਾ ਦੇਣ ਦਾ ਫ਼ੈਸਲਾ ਕਰਦੀ ਹੈ ਤਾਂ ਇਸ ਨਾਲ ਪੈਸ਼ਨਰਜ਼ ਨੂੰ ਮੁਫ਼ਤ 'ਚ ਮੈਡੀਕਲ ਸਹੂਲਤਾਂ ਮਿਲ ਜਾਣਗੀਆਂ। (ਏਜੰਸੀ)