
ਜ਼ਹਿਰੀਲੀ ਸ਼ਰਾਬ ਨਾਲ 7 ਲੋਕਾਂ ਦੀ ਮੌਤ ਤੋਂ ਬਾਅਦ ਹਾਤਮਾ ਬਸਤੀ ਨੂੰ ਸ਼ਰਾਬ ਮੁਕਤ ਕਰਨ ਲਈ ਔਰਤਾਂ ਨੇ ਚਲਾਈ ਮੁਹਿੰਮ
ਰਾਂਚੀ : ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ ਤੋਂ ਬਾਅਦ ਹਾਤਮਾ ਬਸਤੀ ਨੂੰ ਸ਼ਰਾਬ ਮੁਕਤ ਕਰਨ ਲਈ ਔਰਤਾਂ ਨੇ ਸ਼ੋਭਾ ਕਸ਼ਯਪ ਦੀ ਅਗਵਾਈ ਵਿਚ ਸ਼ਰਾਬ ਦੀ ਵਰਤੋਂ ਨਾ ਕਰਨ ਨੂੰ ਲੈ ਕੇ ਪੂਰੀ ਬਸਤੀ ਵਿਚ ਮੁਹਿੰਮ ਚਲਾਈ ਅਤੇ ਹਥ ਵਿਚ ਡੰਡਾ ਲੈ ਕੇ ਹਰ ਘਰ ਦੀ ਜਾਂਚ ਕੀਤੀ। ਔਰਤਾਂ ਦਾ ਇਹ ਸਖ਼ਤ ਰਵੱਈਆ ਦੇਖ ਕੇ ਸ਼ਰਾਬ ਬਣਾਉਣ ਵਾਲੇ ਅਤੇ ਵੇਚਣ ਵਾਲੇ ਭੱਜ ਗਏ।
ਮੁਹਿੰਮ ਦੌਰਾਨ ਔਰਤਾਂ ਨੇ ਸ਼ਰਾਬ ਪੀਣ ਜਾਂ ਵੇਚਣ ਨਾਲ ਸਬੰਧਤ ਜੋ ਵੀ ਸਾਮਾਨ ਵੇਖਿਆ, ਔਰਤਾਂ ਨੇ ਉਸਨੂੰ ਨਸ਼ਟ ਕਰ ਦਿਤਾ। ਨਾਲ ਹੀ ਮੌਕੇ ਤੇ ਹੀ ਲੋਕਾਂ ਨੂੰ ਚਿਤਾਵਨੀ ਵੀ ਦਿਤੀ ਕਿ ਜੇਕਰ ਕੋਈ ਸ਼ਰਾਬ ਪੀਂਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਲੋਕਾਂ ਨੂੰ ਜਾਂ ਤਾਂ ਬਸਤੀ ਵਿਚੋਂ ਕੱਢ ਦਿਤਾ ਜਾਵੇਗਾ ਜਾਂ ਪੁਲਿਸ ਨੂੰ ਸੌਂਪ ਦਿਤਾ ਜਾਵੇਗਾ। ਮੁਹਿੰਮ ਦੇ ਚਲਦਿਆਂ ਸਥਾਨਕ ਲੋਕਾਂ ਨੇ ਸ਼ਰਾਬ ਨਾ ਬਣਾਉਣ ਅਤੇ ਨਾ ਪੀਣ ਦਾ ਭਰੋਸਾ ਜਤਾਇਆ।