
ਕੁਲਦੀਪ ਬਿਸ਼ਨੋਈ ਵਿਰੁਧ ਚੋਣ ਮੈਦਾਨ 'ਚ ਉਤਾਰਿਆ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਸੋਸ਼ਲ ਮੀਡੀਆ ਸਟਾਰ ਸੋਨਾਲੀ ਫ਼ੋਗਾਟ ਨੂੰ ਟਿਕਟ ਦਿੱਤੀ ਹੈ। ਸੋਨਾਲੀ ਫ਼ੋਗਾਟ ਵੀਡੀਓ ਬਣਾ ਕੇ ਟਿਕਟੋਕ 'ਤੇ ਅਪਲੋਡ ਕਰਦੀ ਹੈ ਅਤੇ ਉਹ ਟਿਕਟੋਕ 'ਤੇ ਬਹੁਤ ਪ੍ਰਸਿੱਧ ਹੈ। ਲੱਖਾਂ ਲੋਕ ਸੋਨਾਲੀ ਨੂੰ ਟਿਕਟਾਕ 'ਤੇ ਫਾਲੋ ਕਰਦੇ ਹਨ। ਬੁਧਵਾਰ ਰਾਤ ਨੂੰ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਲਈ ਜਿਨ੍ਹਾਂ 12 ਬਚੀਆ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਉਨ੍ਹਾਂ 'ਚ ਸੋਨਾਲੀ ਫ਼ੋਗਾਟ ਦਾ ਨਾਂ ਵੀ ਸ਼ਾਮਲ ਹੈ।
TikTok star Sonali Phogat
ਆਦਮਪੁਰ ਵਿਧਾਨ ਸਭਾ ਸੀਟ 'ਤੇ ਸੋਨਾਲੀ ਫ਼ੋਗਾਟ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਕੁਲਦੀਪ ਬਿਸ਼ਨੋਈ ਨਾਲ ਹੋਵੇਗਾ। ਸਾਲ 2014 ਚੋਣਾਂ 'ਚ ਕੁਲਦੀਪ ਬਿਸ਼ਨੋਈ ਨੇ ਵੱਖਰੀ ਪਾਰਟੀ ਬਣਾ ਕੇ ਚੋਣ ਲੜੀ ਸੀ ਅਤੇ 56,757 ਵੋਟਾਂ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 2014 'ਚ ਕੁਲਦੀਪ ਬਿਸ਼ਨੋਈ ਦਾ ਮੁਕਾਬਲਾ ਇੰਡੀਅਨ ਨੈਸ਼ਨਲ ਲੋਕਦਲ ਦੇ ਕੁਲਵੀਰ ਸਿੰਘ ਬੈਨੀਵਾਲ ਨਾਲ ਹੋਇਆ ਸੀ। ਇਸ ਵਾਰ ਇੰਡੀਅਨ ਨੈਸ਼ਨਲ ਲੋਕ ਦਲ ਨੇ ਇਸ ਸੀਟ 'ਤੇ ਰਾਜੇਸ਼ ਗੋਦਰਾ ਨੂੰ ਆਪਣਾ ਉਮੀਦਵਾਰ ਬਣਾਇਆ ਹੋਇਆ ਹੈ।
TikTok star Sonali Phogat
ਸੋਨਾਲੀ ਦੇ ਪਤੀ ਸੰਜੈ ਫ਼ੋਗਾਟ ਭਾਰਤੀ ਜਨਤਾ ਪਾਰਟੀ ਦੇ ਆਗੂ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਸੋਨਾਲੀ ਵੀ ਭਾਜਪਾ 'ਚ ਸ਼ਾਮਲ ਹੋ ਗਈ ਸੀ। ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਦੀ ਪ੍ਰਦੇਸ਼ ਮਹਿਲਾ ਮੋਰਚਾ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਸੀ। ਸੋਨਾਲੀ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਅਦਾਕਾਰਾ ਸੀ ਅਤੇ ਕੁਝ ਸੀਰੀਅਲਾਂ 'ਚ ਕੰਮ ਕੀਤਾ ਹੈ।