
ਫਗਵਾੜਾ ਤੋਂ ਰਾਜੇਸ਼ ਬਾਘਾ ਤੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਪਾਰਟੀ ਉਮੀਦਵਾਰ ਹੋਣਗੇ।
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਵਿਧਾਨ ਸਭਾ ਉਪ ਚੋਣਾਂ ਲਈ ਐਤਵਾਰ ਨੂੰ 32 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਛਤੀਸਗੜ੍ਹ, ਅਸਾਮ, ਹਿਮਾਚਲ ਪ੍ਰਦੇਸ਼, ਕੇਰਲ, ਮੇਘਾਲਿਆ, ਮੱਧ ਪ੍ਰਦੇਸ਼, ਰਾਜਸਥਾਨ, ਸਿੱਕਮ ਅਤੇ ਤੇਲੰਗਾਨਾ ਦੀਆਂ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਦੇ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।
Jangi Lal Mahajan & Rajesh Bagha
ਭਾਜਪਾ ਨੇ ਪੰਜਾਬ ਵਿਚ ਚਾਰ ਸੀਟਾਂ 'ਤੇ ਹੋ ਰਹੀ ਜ਼ਿਮਨੀ ਚੋਣ ਲਈ ਆਪਣੇ ਹਿੱਸੇ ਦੀਆਂ ਦੋ ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਫਗਵਾੜਾ ਤੋਂ ਰਾਜੇਸ਼ ਬਾਘਾ ਤੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਪਾਰਟੀ ਉਮੀਦਵਾਰ ਹੋਣਗੇ। ਦੋਵਾਂ ਸੀਟਾਂ 'ਤੇ ਪਾਰਟੀ ਨੇ ਕਾਂਗਰਸ ਦੀ ਹੀ ਤਰਜ਼ 'ਤੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ। ਦੱਸ ਦੇਈਏ ਕਿ ਕਾਂਗਰਸ, ਆਪ, ਬਸਪਾ ਤੇ ਲੋਕ ਇਨਸਾਫ਼ ਪਾਰਟੀ ਪਹਿਲਾਂ ਹੀ ਉਮੀਦਵਾਰ ਐਲਾਨ ਚੁੱਕੀਆਂ ਹਨ। ਉਮੀਦਵਾਰ ਐਲਾਨਣ ਕਾਰਨ ਪੰਜਾਬ ਭਾਜਪਾ ਪ੍ਰਚਾਰ 'ਚ ਪਛੜ ਗਈ ਸੀ ਪਰ ਹੁਣ ਉਮੀਦਵਾਰ ਦਾ ਐਲਾਨ ਹੋਣ ਦੇ ਨਾਲ ਹੀ ਸਿਆਸੀ ਮਾਹੌਲ ਹੋਰ ਭੱਖ ਗਿਆ ਹੈ।
BJP list
ਫਗਵਾੜਾ 'ਚ ਭਾਜਪਾ ਤੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਪੁੱਤਰ ਐਡਵੋਕੇਟ ਸਾਹਿਲ ਸਾਂਪਲਾ ਤੇ ਐਸ.ਸੀ./ਐਸ.ਟੀ ਕਮੀਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਟਿਕਟ ਦੀ ਦੌੜ 'ਚ ਸਨ। ਇਨ੍ਹਾਂ ਵਿਚੋਂ ਬਾਘਾ ਨੇ ਸਫ਼ਲਤਾ ਹਾਸਿਲ ਕਰ ਲਈ ਹੈ। ਜ਼ਿਕਰਯੋਗ ਹੈ ਕਿ 17 ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਉਪ ਚੋਣਾਂ ਹੋਣਗੀਆਂ। ਨਤੀਜੇ 24 ਅਕਤੂਬਰ ਨੂੰ ਆਉਣਗੇ।