ਅਤਿਵਾਦ ਵਿਰੋਧੀ ਐਕਟ, ਯੂ.ਏ.ਪੀ.ਏ. ਤਹਿਤ ਨਵਾਂ ਮਾਮਲਾ ਦਰਜ, ਪੱਤਰਕਾਰਾਂ ਦੇ ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ
ਆਨਲਾਈਨ ਨਿਊਜ਼ ਪੋਰਟਲ ਨਾਲ ਜੁੜੇ 37 ਪੱਤਰਕਾਰਾਂ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਮੰਗਲਵਾਰ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਹੇਠ ਦਰਜ ਇਕ ਮਾਮਲੇ ’ਚ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਅਤੇ ਇਸ ਦੇ ਪੱਤਰਕਾਰਾਂ ਨਾਲ ਜੁੜੇ 30 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਅਤੇ ਦਫ਼ਤਰ ਸੀਲ ਕਰ ਦਿਤਾ। ਇਸ ਤੋਂ ਬਾਅਦ ‘ਨਿਊਜ਼ਕਲਿਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਸਥ ਸਮੇਤ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
‘ਨਿਊਜ਼ਕਲਿਕ’ ਵਿਰੁਧ ਇਹ ਕਾਰਵਾਈ ਇਸ ਦੋਸ਼ ਤੋਂ ਬਾਅਦ ਕੀਤੀ ਗਈ ਹੈ ਕਿ ਉਸ ਨੂੰ ਚੀਨ ਦੇ ਸਮਰਥਨ ’ਚ ਪ੍ਰਚਾਰ ਕਰਨ ਲਈ ਪੈਸੇ ਮਿਲੇ ਹਨ। ਦੇਰ ਰਾਤ ਤਕ ਖ਼ਬਰ ਲਿਖੇ ਜਾਣ ਤਕ ਕਾਰਵਾਈ ਜਾਰੀ ਰਹੀ। ਪੁਲਿਸ ਨੇ ਕਿਹਾ ਕਿ ਦਿੱਲੀ-ਐੱਨ.ਸੀ.ਆਰ. ਖੇਤਰ ’ਤੇ ਕੇਂਦ੍ਰਿਤ ਛਾਪੇਮਾਰੀ ’ਚ ਅਧਿਕਾਰੀਆਂ ਨੇ ਕਿਹਾ ਕਿ 37 ਸ਼ੱਕੀਆਂ ਤੋਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦਫ਼ਤਰ ’ਚ ਪੁੱਛ-ਪੜਤਲ ਕੀਤੀ ਗਈ, ਜਦਕਿ 9 ਔਰਤ ਸ਼ੱਕੀਆਂ ਤੋਂ ਉਨ੍ਹਾਂ ਦੇ ਘਰਾਂ ’ਚ ਪੁੱਛ-ਪੜਤਾਲ ਕੀਤੀ ਗਈ। ਨਿਊਜ਼ਕਲਿਕ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਨਿਊਜ਼ਕਲਿਕ ਦੇ ਦਖਣੀ ਦਿੱਲੀ ਦੇ ਦਫ਼ਤਰ ਲਿਜਾਇਆ ਗਿਆ ਸੀ ਜਿੱਥੇ ਇਕ ਫੋਰੈਂਸਿਕ ਟੀਮ ਮੌਜੂਦ ਸੀ।
ਪੁਲਿਸ ਨੇ ਕਿਹਾ ਕਿ ਦਿੱਲੀ-ਐੱਨ.ਸੀ.ਆਰ. ਖੇਤਰ ’ਤੇ ਕੇਂਦ੍ਰਿਤ ਛਾਪੇਮਾਰੀ ’ਚ ਹੁਣ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਨਿਊਜ਼ਕਲਿਕ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਨਿਊਜ਼ਕਲਿਕ ਦੇ ਦਖਣੀ ਦਿੱਲੀ ਦੇ ਦਫ਼ਤਰ ਲਿਜਾਇਆ ਗਿਆ ਜਿੱਥੇ ਇਕ ਫੋਰੈਂਸਿਕ ਟੀਮ ਮੌਜੂਦ ਸੀ। ਸੂਤਰਾਂ ਨੇ ਦਸਿਆ ਕਿ ਜਿਨ੍ਹਾਂ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ, ਉਨ੍ਹਾਂ ’ਚ ਪੱਤਰਕਾਰ ਉਰਮਿਲੇਸ਼, ਔਨਿੰਦੋ ਚੱਕਰਵਰਤੀ, ਅਭਿਸਾਰ ਸ਼ਰਮਾ ਅਤੇ ਪਰੰਜੇ ਗੁਹਾ ਠਾਕੁਰਤਾ ਦੇ ਨਾਲ-ਨਾਲ ਇਤਿਹਾਸਕਾਰ ਸੋਹੇਲ ਹਾਸ਼ਮੀ ਵੀ ਸ਼ਾਮਲ ਹਨ।
ਸੂਤਰਾਂ ਨੇ ਦਸਿਆ ਕਿ ਪੁਲਿਸ ਨੇ ਵੱਖ-ਵੱਖ ਮੁੱਦਿਆਂ ਨਾਲ ਜੁੜੇ 25 ਸਵਾਲ ਪੁੱਛੇ, ਜਿਨ੍ਹਾਂ ’ਚ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ, ਸ਼ਾਹੀਨ ਬਾਗ ਪ੍ਰਦਰਸ਼ਨ, ਕਿਸਾਨਾਂ ਪ੍ਰਦਰਸ਼ਨ ਅਤੇ ਹੋਰ ਸਬੰਧਤ ਸਵਾਲ ਸ਼ਾਮਲ ਹਨ। ਸੂਤਰਾਂ ਨੇ ਦਸਿਆ ਕਿ ਜਿਨ੍ਹਾਂ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ, ਉਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਏ, ਬੀ ਅਤੇ ਸੀ ਵਿਚ ਵੰਡਿਆ ਗਿਆ ਹੈ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਭੁਵਨੇਸ਼ਵਰ ’ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਜਾਂਚ ਏਜੰਸੀਆਂ ਸੁਤੰਤਰ ਹਨ ਅਤੇ ਉਹ ਕਾਨੂੰਨ ਦੇ ਮੁਤਾਬਕ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ, ‘‘ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਜਾਂਚ ਏਜੰਸੀਆਂ ਉਸ ਸਬੰਧੀ ਕੰਮ ਕਰਦੀਆਂ ਹਨ... ਇਹ ਕਿਤੇ ਵੀ ਨਹੀਂ ਲਿਖਿਆ ਹੈ ਕਿ ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਲਏ ਹਨ ਜਾਂ ਕੋਈ ਇਤਰਾਜ਼ਯੋਗ ਕੰਮ ਕੀਤਾ ਹੈ ਤਾਂ ਜਾਂਚ ਏਜੰਸੀ ਉਸ ਦੀ ਜਾਂਚ ਨਹੀਂ ਕਰ ਸਕਦੀ।’’
ਸਵੇਰ ਤੋਂ ਸ਼ੁਰੂ ਕੀਤੀ ਗਈ ਇਸ ਛਾਪੇਮਾਰੀ ਲਈ ਕਾਂਗਰਸ, ਆਮ ਆਦਮੀ ਪਾਰਟੀ (ਆਪ) ਅਤੇ ਸਮਾਜਵਾਦੀ ਪਾਰਟੀ ਤੋਂ ਇਲਾਵਾ ‘ਪ੍ਰੈਸ ਕਲੱਬ ਆਫ਼ ਇੰਡੀਆ’ ਨੇ ਸਰਕਾਰ ਦੀ ਨਿਖੇਧੀ ਕੀਤੀ ਹੈ। ਕਰੀਬ ਛੇ ਘੰਟੇ ਦੀ ਪੁੱਛ-ਪੜਤਾਲ ਤੋਂ ਬਾਅਦ ਉਰਮਿਲੇਸ਼ ਅਤੇ ਚੱਕਰਵਰਤੀ ਲੋਧੀ ਰੋਡ ’ਤੇ ਸਥਿਤ ਸਪੈਸ਼ਲ ਸੈੱਲ ਦੇ ਦਫਤਰ ਤੋਂ ਚਲੇ ਗਏ। ਇਸ ਦੌਰਾਨ ਉਨ੍ਹਾਂ ਉੱਥੇ ਇਕੱਠੇ ਹੋਏ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿਤਾ ਅਤੇ ਏਨਾ ਹੀ ਕਿਹਾ, ‘‘ਮੈਂ ਕੁਝ ਨਹੀਂ ਕਹਾਂਗਾ।’’
ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ‘ਨਿਊਜ਼ਕਲਿਕ’ ਦੇ ਵਿੱਤ ਦੇ ਸਰੋਤਾਂ ਦੀ ਜਾਂਚ ਦੇ ਹਿੱਸੇ ਵਜੋਂ ਕੰਪਨੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਸਪੈਸ਼ਲ ਸੈੱਲ ਕੇਂਦਰੀ ਏਜੰਸੀ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਵਿਸ਼ੇਸ਼ ਸੈੱਲ ਨੇ ਅਤਿਵਾਦ ਵਿਰੋਧੀ ਐਕਟ, ਯੂ.ਏ.ਪੀ.ਏ. ਤਹਿਤ ਨਵਾਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਪੁਲਿਸ ਦੇ ਸੂਤਰਾਂ ਨੇ ਦਸਿਆ ਕਿ ਇਹ ਛਾਪੇਮਾਰੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153ਏ (ਦੋ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ) ਅਤੇ 120ਬੀ (ਅਪਰਾਧਕ ਸਾਜ਼ਸ਼) ਤਹਿਤ ਅਗੱਸਤ ’ਚ ਦਰਜ ਇਕ ਕੇਸ ਦੇ ਆਧਾਰ ’ਤੇ ਕੀਤੀ ਗਈ ਸੀ। ਘਟਨਾ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੇ ‘ਨਿਊਜ਼ਕਲਿਕ’ ਦੇ ਕੁਝ ਪੱਤਰਕਾਰਾਂ ਦੇ ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ।
ਸਪੈਸ਼ਲ ਸੈੱਲ ਦੀ ਟੀਮ ਨੇ ਅਭਿਸਾਰ ਸ਼ਰਮਾ ਤੋਂ ਨੋਇਡਾ ਐਕਸਟੈਂਸ਼ਨ ਸਥਿਤ ਉਸ ਦੇ ਘਰ ਜਾ ਕੇ ਪੁੱਛ-ਪੜਤਾਲ ਕੀਤੀ, ਜਿਸ ਤੋਂ ਬਾਅਦ ਸੈੱਲ ਦੇ ਅਧਿਕਾਰੀ ਉਸ ਨੂੰ ਅਪਣੇ ਨਾਲ ਲੈ ਗਏ। ਪੁਲਿਸ ਵਲੋਂ ਹਿਰਾਸਤ ’ਚ ਲਏ ਜਾਣ ਤੋਂ ਪਹਿਲਾਂ, ਅਭਿਸਾਰ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘‘ਦਿੱਲੀ ਪੁਲਿਸ ਮੇਰੇ ਘਰ ਪਹੁੰਚੀ। ਮੇਰਾ ਲੈਪਟਾਪ ਅਤੇ ਫ਼ੋਨ ਖੋਹ ਲਿਆ।’’
ਇਕ ਹੋਰ ਪੱਤਰਕਾਰ ਭਾਸ਼ਾ ਸਿੰਘ ਨੇ ਵੀ 'ਐਕਸ' ’ਤੇ ਲਿਖਿਆ, ‘‘ਆਖਿਰਕਾਰ ਮੇਰੇ ਫੋਨ ਤੋਂ ਆਖਰੀ ਟਵੀਟ। ਦਿੱਲੀ ਪੁਲਿਸ ਮੇਰਾ ਫ਼ੋਨ ਜ਼ਬਤ ਕਰ ਰਹੀ ਹੈ।’’
ਇਤਿਹਾਸਕਾਰ ਸੋਹੇਲ ਹਾਸ਼ਮੀ ਦੀ ਭੈਣ ਸ਼ਬਨਮ ਹਾਸ਼ਮੀ ਨੇ ‘ਐਕਸ’ ’ਤੇ ਲਿਖਿਆ, ‘‘ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਸਵੇਰੇ 6 ਵਜੇ ਸੋਹੇਲ ਹਾਸ਼ਮੀ ਦੇ ਘਰ ਛਾਪਾ ਮਾਰਿਆ। ਛੇ ਲੋਕ ਘਰ ਅਤੇ ਬੈੱਡਰੂਮ ’ਚ ਦਾਖਲ ਹੋਏ।’’
ਉਨ੍ਹਾਂ ਦੋਸ਼ ਲਾਇਆ ਕਿ ਸੋਹੇਲ ਤੋਂ ਦੋ ਘੰਟੇ ਪੁੱਛ-ਪੜਤਾਲ ਕੀਤੀ ਗਈ। ਉਸ ਨੇ ਦਾਅਵਾ ਕੀਤਾ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਦਾ ਕੰਪਿਊਟਰ, ਫ਼ੋਨ, ਹਾਰਡ ਡਿਸਕ ਅਤੇ ਫਲੈਸ਼ ਡਰਾਈਵ (ਪੈਨ ਡਰਾਈਵ) ਜ਼ਬਤ ਕਰ ਲਈ ਹੈ। ਅਗਸਤ ’ਚ ਦਿੱਲੀ ਹਾਈ ਕੋਰਟ ਨੇ ‘ਨਿਊਜ਼ਕਲਿਕ’ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਦਾ ਪੱਖ ਮੰਗਿਆ ਸੀ, ਜਿਸ ’ਚ ਦਿੱਲੀ ਪੁਲਿਸ ਦੀ ਪਟੀਸ਼ਨ ’ਤੇ ਉਸ ਨੂੰ ਕਥਿਤ ਗੈਰ-ਕਾਨੂੰਨੀ ਮਾਮਲੇ ’ਚ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਦੇਣ ਵਾਲੇ ਪਹਿਲੇ ਹੁਕਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ।
ਵੈੱਬਸਾਈਟ ਹਾਲ ਹੀ ’ਚ ਭਾਰਤ ’ਚ ਚੀਨ ਪੱਖੀ ਪ੍ਰਚਾਰ ਲਈ ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਤੋਂ ਕਥਿਤ ਤੌਰ ’ਤੇ ਫੰਡ ਲੈਣ ਨੂੰ ਲੈ ਕੇ ਸੁਰਖੀਆਂ ’ਚ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ‘ਦਿ ਨਿਊਯਾਰਕ ਟਾਈਮਜ਼’ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਹਾਲ ਹੀ ’ਚ ਦਾਅਵਾ ਕੀਤਾ ਸੀ ਕਿ ‘ਨਿਊਜ਼ ਕਲਿਕ’ ਦੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ’ਚ ‘ਭਾਰਤ ਵਿਰੋਧੀ ਏਜੰਡੇ’ ਦਾ ਪ੍ਰਗਟਾਵਾ ਹੋਇਆ ਹੈ।
ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ‘ਨਿਊਜ਼ਕਲਿੱਕ’ ’ਤੇ ਛਾਪੇਮਾਰੀ ਦੀ ਸਖ਼ਤ ਨਿਖੇਧੀ ਕੀਤੀ
ਨਵੀਂ ਦਿੱਲੀ: ਵਿਰੋਧੀ ਗਠਜੋੜ ‘ਇੰਡੀਆ’ ਨੇ ‘ਨਿਊਜ਼ਕਲਿੱਕ’ ਦੇ ਦਫ਼ਤਰ ਅਤੇ ਪੱਤਰਕਾਰਾਂ ਦੇ ਘਰਾਂ ’ਚ ਛਾਪਿਆਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੀ ‘ਜ਼ਬਰਦਸਤੀ’ ਕਾਰਵਾਈ ਸਿਰਫ਼ ਸੱਤਾ ਲਈ ਸੱਚ ਬੋਲਣ ਵਾਲਿਆਂ ਵਿਰੁਧ ਹੈ ਨਾ ਕਿ ਨਫ਼ਰਤ ਅਤੇ ਵੰਡ ਫੈਲਾਉਣ ਵਾਲਿਆਂ ਵਿਰੁਧ।
ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਨੇ ਇਕ ਬਿਆਨ ’ਚ ਕਿਹਾ ਕਿ ਸਰਕਾਰ ਨੇ ਮੀਡੀਆ ਸੰਸਥਾਵਾਂ ਨੂੰ ਪੂੰਜੀਪਤੀਆਂ ਰਾਹੀਂ ਕਬਜ਼ੇ ’ਚ ਲੈ ਕੇ ਮੀਡੀਆ ਨੂੰ ਅਪਣੇ ਪੱਖਪਾਤੀ ਅਤੇ ਵਿਚਾਰਧਾਰਕ ਹਿੱਤਾਂ ਦੇ ਇਕ ਮੂੰਹ ’ਚ ਬਦਲਣ ਦੀ ਕੋਸ਼ਿਸ਼ ਵੀ ਕੀਤੀ। ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ ਕਿ ‘‘ਬਿਹਾਰ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਦੇ ਹੈਰਾਨ ਕਰਨ ਵਾਲੇ ਅੰਕੜਿਆਂ ਅਤੇ ਦੇਸ਼ ਭਰ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਵੱਧ ਰਹੀ ਮੰਗ ਵਿਚਕਾਰ ਲੋਕਾਂ ਦਾ ਧਿਆਨ ਹਟਾਉਣ ਲਈ ਨਿਊਜ਼ਕਲਿਕ ਦੇ ਪੱਤਰਕਾਰਾਂ ’ਤੇ ਸਵੇਰੇ ਛਾਪੇ ਮਾਰੇ ਗਏ ਸਨ।’’
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੱਤਰਕਾਰਾਂ ਦੇ ਘਰਾਂ ’ਤੇ ਦਿੱਲੀ ਪੁਲਿਸ ਵਲੋਂ ਛਾਪੇਮਾਰੀ ਨੂੰ ‘ਹਾਰਦੀ ਹੋਈ ਭਾਜਪਾ’ ਦਾ ਸੰਕੇਤ ਦਸਿਆ। ਯਾਦਵ ਨੇ ‘ਐਕਸ’ ’ਤੇ ਲਿਖਿਆ, ‘‘ਛਾਪੇਮਾਰੀ ਭਾਜਪਾ ਦੇ ਹਾਰਨ ਦਾ ਸੰਕੇਤ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਭਾਜਪਾ ਹਾਕਮਾਂ ਨੇ ਹਮੇਸ਼ਾ ਹੀ ਇਮਾਨਦਾਰ ਪੱਤਰਕਾਰਾਂ ’ਤੇ ਛਾਪੇ ਮਾਰੇ ਹਨ ਪਰ ਸਰਕਾਰੀ ਪ੍ਰਚਾਰ ਦੇ ਨਾਂ ’ਤੇ ਹਰ ਮਹੀਨੇ ‘ਦੋਸਤ ਚੈਨਲਾਂ’ ਨੂੰ ਕਿੰਨੇ ਕਰੋੜ ਰੁਪਏ ਦਿਤੇ ਜਾ ਰਹੇ ਹਨ।’’
‘ਪ੍ਰੈੱਸ ਕਲੱਬ ਆਫ ਇੰਡੀਆ’ (ਪੀ.ਸੀ.ਆਈ.) ਨੇ ‘ਐਕਸ’ ਰਾਹੀਂ ਕਿਹਾ ਕਿ ਉਹ ‘ਨਿਊਜ਼ਕਲਿਕ’ ਨਾਲ ਜੁੜੇ ਪੱਤਰਕਾਰਾਂ ਅਤੇ ਲੇਖਕਾਂ ਦੇ ਘਰਾਂ ’ਤੇ ਛਾਪੇਮਾਰੀ ਨੂੰ ਲੈ ਕੇ ਬਹੁਤ ਚਿੰਤਤ ਹੈ। ਉਨ੍ਹਾਂ ਕਿਹਾ, ‘‘ਪ੍ਰੈੱਸ ਕਲੱਬ ਆਫ ਇੰਡੀਆ ‘ਨਿਊਜ਼ਕਲਿਕ’ ਨਾਲ ਜੁੜੇ ਪੱਤਰਕਾਰਾਂ ਅਤੇ ਲੇਖਕਾਂ ਦੇ ਘਰਾਂ ’ਤੇ ਮਾਰੇ ਗਏ ਛਾਪੇ ਤੋਂ ਬਹੁਤ ਚਿੰਤਤ ਹੈ। ਅਸੀਂ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਇਕ ਵਿਸਤ੍ਰਿਤ ਬਿਆਨ ਜਾਰੀ ਕਰਾਂਗੇ।’’ ਪੀਸੀਆਈ ਨੇ ਕਿਹਾ, ‘‘ਅਸੀਂ ਪੱਤਰਕਾਰਾਂ ਨਾਲ ਇਕਮੁਠਤਾ ’ਚ ਖੜੇ ਹਾਂ ਅਤੇ ਸਰਕਾਰ ਤੋਂ ਇਸ ਸਬੰਧ ’ਚ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਨ ਦੀ ਮੰਗ ਕਰਦੇ ਹਾਂ।’’