
ਮਹਾਰਾਸ਼ਟਰ ਵਿਚ ਸਿਆਸੀ ਹਲਚਲ ਤੇਜ਼
ਔਰੰਗਾਬਾਦ : ਮਹਾਰਾਸ਼ਟਰ ਵਿਚ ਸਰਕਾਰ ਦੀ ਕਾਇਮੀ ਸਬੰਧੀ ਗਠਜੋੜ ਭਾਈਵਾਲ ਭਾਜਪਾ ਨਾਲ ਜਾਰੀ ਰੇੜਕੇ ਵਿਚਾਲੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਲੋਕਾਂ ਨੂੰ ਛੇਤੀ ਹੀ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਪਾਰਟੀ ਰਾਜ ਵਿਚ ਸੱਤਾ ਵਿਚ ਹੋਵੇਗੀ। ਊਧਵ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਬੇਵਕਤ ਪਏ ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਲਈ ਰਾਜ ਸਰਕਾਰ ਦੁਆਰਾ ਐਲਾਨਿਆ ਗਿਆ ਦਸ ਹਜ਼ਾਰ ਕਰੋੜ ਰੁਪਏ ਦਾ ਪੈਕੇਜ ਨਾਕਾਫ਼ੀ ਹੈ।
Shiv Sena-BJP
ਮਹਾਰਾਸ਼ਟਰ ਵਿਧਾਨ ਸਭਾ ਲਈ 21 ਅਕਤੂਬਰ ਨੂੰ ਪਈਆਂ ਵੋਟਾਂ ਦੇ ਨਤੀਜੇ ਮਗਰੋਂ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕਰਨ 'ਤੇ ਜ਼ਬਰਦਸਤ ਤਕਰਾਰ ਚੱਲ ਰਿਹਾ ਹੈ। ਹੁਣ ਤਕ ਸਰਕਾਰ ਕਾਇਮੀ ਸਬੰਧੀ ਰਸਮੀ ਗੱਲਬਾਤ ਸ਼ੁਰੂ ਨਹੀਂ ਹੋ ਸਕੀ। ਠਾਕਰੇ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਸਵਾਲ ਦਾ ਜਵਾਬ ਦਿੰਦਿਆਂ ਕਿਹਾ, 'ਤੁਹਾਨੂੰ ਆਉਣ ਵਾਲੇ ਦਿਨਾਂ ਵਿਚ ਪਤਾ ਲੱਗ ਜਾਵੇਗਾ ਕਿ ਸ਼ਿਵ ਸੈਨਾ ਸੂਬੇ ਵਿਚ ਸੱਤਾ ਵਿਚ ਹੋਵੇਗੀ।' ਇਸ ਤੋਂ ਬਾਅਦ ਉਨ੍ਹਾਂ ਕਿਸੇ ਵੀ ਰਾਜਸੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ।
Uddhav Thackeray- Devendra Fadnavis
ਪਿਛਲੇ ਮਹੀਨੇ ਪਏ ਬੇਵਕਤ ਮੀਂਹ ਮਗਰੋਂ ਹੋਏ ਫ਼ਸਲੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਉਹ ਇਥੇ ਆਏ ਸਨ। ਠਾਕਰੇ ਨੇ ਕਿਹਾ ਕਿ ਉਨ੍ਹਾਂ ਕੰਨੜ ਅਤੇ ਵੈਜਾਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਰਾਜ ਦੀ ਲੀਡਰਸ਼ਿਪ 'ਤੇ ਹਮਲਾ ਕਰਦਿਆਂ ਕਿਹਾ ਕਿ ਨੁਕਸਾਨ ਦੀ ਸਮੀਖਿਆ ਹੈਲੀਕਾਪਟਰ ਰਾਹੀਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਫ਼ਸਲੀ ਨੁਕਸਾਨ ਲਈ ਐਲਾਨਿਆ ਗਿਆ ਮੁਆਵਜ਼ਾ ਥੋੜਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਹੈਕਟੇਟਰ 25 ਹਜ਼ਾਰ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਕਿਸਾਨਾਂ ਦੇ ਅਧਿਕਾਰ ਉਨ੍ਹਾਂ ਨੂੰ ਮਿਲਣੇ ਹੀ ਚਾਹੀਦੇ ਹਨ। ਠਾਕਰੇ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਲੋਕਾਂ ਨੂੰ ਇਹ ਦੱਸਣ ਕਿ ਖੇਤਰੀ ਵਿਆਪਕ ਆਰਥਕ ਸਹਿਯੋਯ ਸੰਸਥਾ ਤੋਂ ਦੇਸ਼ ਨੂੰ ਕਿਸ ਤਰ੍ਹਾਂ ਫ਼ਾਇਦਾ ਹੋਵੇਗਾ।