
ਭੀੜ ਵਲੋਂ ਕੁੱਟ-ਕੁੱਟ ਕੇ ਕੀਤੇ ਜਾ ਰਹੇ ਕਤਲਾਂ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ.........
ਮੁੰਬਈ : ਭੀੜ ਵਲੋਂ ਕੁੱਟ-ਕੁੱਟ ਕੇ ਕੀਤੇ ਜਾ ਰਹੇ ਕਤਲਾਂ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸ਼ਿਵ ਸੈਨਾ ਨੇ ਅੱਜ ਹਿਕਾ ਕਿ ਦੇਸ਼ ਅੰਦਰ ਔਰਤਾਂ ਤੋਂ ਜ਼ਿਆਦਾ ਗਾਊਆਂ ਸੁਰੱਖਿਅਤ ਹਨ। ਸ਼ਿਵ ਸੈਨਾ ਮੁਖੀ ਊਧਰ ਠਾਕਰੇ ਨੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, ''ਅਸੀਂ ਸਰਕਾਰ ਦਾ ਹਿੱਸਾ ਹਾਂ, ਪਰ ਜੇਕਰ ਕੁੱਝ ਗ਼ਲਤ ਹੈ ਤਾਂ ਅਸੀਂ ਯਕੀਨੀ ਤੌਰ 'ਤੇ ਉਸ ਬਾਰੇ ਗੱਲ ਕਰਾਂਗੇ। ਅਸੀਂ ਭਾਰਤੀ ਜਨਤਾ ਦੇ ਮਿੱਤਰ ਹਾਂ, ਕਿਸੇ ਪਾਰਟੀ ਦੇ ਨਹੀਂ।'' ਸ਼ਿਵ ਸੈਨਾ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ 'ਚ ਭਾਜਪਾ ਦੀ ਸਹਿਯੋਗੀ ਪਾਰਟੀ ਹੈ।
ਦੇਸ਼ 'ਚ ਭੀੜ ਵਲੋਂ ਕੁੱਟ-ਕੁੱਟ ਕੇ ਕੀਤੇ ਜਾ ਰਹੇ ਕਤਲ ਦੀਆਂ ਘਟਨਾਵਾਂ 'ਤੇ ਸ਼ਿਵ ਸੈਨਾ ਮੁਖੀ ਨੇ ਕਿਹਾ ਕਿ ਭਾਜਪਾ ਦਾ ਹਿੰਦੂਤਵ ਦਾ ਵਿਚਾਰ ਫ਼ਰਜ਼ੀ ਹੈ। ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ਨੂੰ ਦਿਤੀ ਇੰਟਰਵਿਊ 'ਚ ਠਾਕਰੇ ਨੇ ਕਿਹਾ, ''ਗਊਆਂ ਨੂੰ ਬਚਾਉਣ ਦੇ ਨਾਂ 'ਤੇ ਜੇ ਤੁਸੀਂ ਅਪਣਾ ਧਿਆਨ ਇਸ ਗੱਲ 'ਤੇ ਦੇ ਰਹੇ ਹੋ ਕਿ ਕੋਈ ਗਊ ਮਾਸ ਖਾ ਰਿਹਾ ਹੈ ਜਾਂ ਨਹੀਂ, ਤਾਂ ਇਹ ਸ਼ਰਮਨਾਕ ਹੈ। ਇਹ ਹਿੰਦੁਤਵ ਨਹੀਂ। ਦੇਸ਼ ਅੰਦਰ ਜਿਸ ਹਿੰਦੂਤਵ ਦੇ ਵਿਚਾਰ ਦਾ ਪਾਲਣ ਕੀਤਾ ਜਾ ਰਿਹਾ ਹੈ, ਮੈਂ ਉਸ ਨੂੰ ਮਨਜ਼ੂਰ ਨਹੀਂ ਕਰਦਾ। ਸਾਡੀਆਂ ਔਰਤਾਂ ਅਸੁਰੱਖਿਅਤ ਹਨ ਅਤੇ ਤੁਸੀਂ ਗਊਆਂ ਨੂੰ ਬਚਾ ਰਹੇ ਹੋ।''
ਉਨ੍ਹਾਂ ਅੱਗੇ ਕਿਹਾ, ''ਅਸੀਂ ਕਦੀ ਨਹੀਂ ਕਹਿੰਦੇ ਕਿ ਗਊਆਂ ਨੂੰ ਮਾਰਿਆ ਜਾਣਾ ਚਾਹੀਦਾ ਹੈ ਪਰ ਗਊਆਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਭਾਰਤ ਔਰਤਾਂ ਲਈ ਸੱਭ ਤੋਂ ਅਸੁਰੱਖਿਅਤ ਦੇਸ਼ ਬਣ ਗਿਆ ਹੈ। ਇਹ ਸ਼ਰਮਨਾਕ ਹੈ।'' ਰਾਸ਼ਟਰਵਾਦ 'ਤੇ ਬਹਿਸ ਦੇ ਮੁੱਦੇ 'ਤੇ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਠਾਕਰੇ ਨੇ ਕਿਹਾ ਕਿ ਭਾਜਪਾ ਕੋਲ ਇਹ ਫ਼ੈਸਲਾ ਕਰਨ ਦਾ ਅਧਿਕਾਰ ਨਹੀਂ ਹੈ ਕਿ ਕੌਣ ਰਾਸ਼ਟਰਵਾਦੀ ਹੈ ਅਤੇ ਕੌਣ ਨਹੀਂ। (ਪੀਟੀਆਈ)