
ਵਟਸਐਪ ਜਾਸੂਸੀ ਕਾਂਡ 'ਚ ਕਾਂਗਰਸ ਨੇ ਲਗਾਇਆ ਦੋਸ਼
ਨਵੀਂ ਦਿੱਲੀ : ਵਟਸਐਪ ਜਾਸੂਸੀ ਕਾਂਡ 'ਚ ਕਾਂਗਰਸ ਨੇ ਵੱਡਾ ਦਾਅਵਾ ਕੀਤਾ ਹੈ। ਕਾਂਗਰਸ ਵਲੋਂ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਗਿਆ ਹੈ ਕਿ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਵੀ ਫ਼ੋਨ ਹੈਕ ਕੀਤਾ ਗਿਆ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਨੂੰ ਵੀ ਫ਼ੋਨ ਹੈਕ ਕਰਨ ਵਾਲਾ ਮੈਸੇਜ਼ ਆਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਜਾਸੂਸੀ ਮਾਮਲੇ ਦੀ ਜਾਂਚ ਕਰਵਾਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਨੇ ਵੀ ਫ਼ੋਨ ਹੈਕਿੰਗ ਦਾ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਉਨ੍ਹਾਂ ਦਾ ਫ਼ੋਨ ਟੈਪ ਕੀਤਾ ਗਿਆ ਸੀ।
Priyanka Gandhi
ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, "ਜਿਥੇ ਤਕ ਮੈਨੂੰ ਜਾਣਕਾਰੀ ਹੈ ਵਟਸਐਪ ਨੇ ਕਥਿਤ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਮੈਸੇਜ ਭੇਜਿਆ ਸੀ, ਜਿਨ੍ਹਾਂ ਦੇ ਫ਼ੋਨ ਹੈਕ ਹੋਏ। ਅਜਿਹਾ ਹੀ ਇਕ ਮੈਸੇਜ ਵਟਸਐਪ ਵਲੋਂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਭੇਜਿਆ ਗਿਆ। ਵਟਸਐਪ ਨੇ ਇਹ ਨਹੀਂ ਕਿਹਾ ਕਿ ਫ਼ੋਨ ਨੂੰ ਗ਼ੈਰ-ਕਾਨੂੰਨੀ ਪਿਗੈਸਸ ਸਾਫ਼ਟਵੇਅਰ ਦੀ ਮਦਦ ਨਾਲ ਹੈਕ ਕੀਤਾ ਗਿਆ, ਪਰ ਜੋ ਮੈਸੇਜ ਉਨ੍ਹਾਂ ਨੇ ਸਾਰਿਆਂ ਨੂੰ ਭੇਜਿਆ, ਉਸ ਬਾਰੇ ਆਮ ਲੋਕ ਜਾਣਦੇ ਹਨ ਅਤੇ ਅਜਿਹਾ ਹੀ ਇਕ ਮੈਸੇਜ ਪ੍ਰਿਅੰਕਾ ਗਾਂਧੀ ਨੂੰ ਵੀ ਆਇਆ ਹੈ।"
Whatsapp Hacking
ਸੁਰਜੇਵਾਲਾ ਨੇ ਕਿਹਾ ਕਿ ਇਸ ਕਾਂਡ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਸਰਕਾਰ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਸੁਰਜੇਵਾਲਾ ਨੇ ਭਾਜਪਾ ਸਰਕਾਰ ਨੂੰ ਪੰਜ ਸਵਾਲ ਕੀਤੇ।
- ਕੀ ਸਰਕਾਰ 2019 ਲੋਕ ਸਭਾ ਚੋਣਾਂ ਦੌਰਾਨ ਨਾਗਰਿਕਾਂ ਅਤੇ ਸਿਆਸੀ ਆਗੂਆਂ ਦੀ ਜਾਸੂਸੀ ਕਰਵਾ ਰਹੀ ਸੀ?
- ਕੀ ਸਰਕਾਰ ਨੂੰ ਮਈ 2019 ਤੋਂ ਗ਼ੈਰ-ਕਾਨੂੰਨੀ ਸਾਫ਼ਟਵੇਅਰ ਦੀ ਜਾਣਕਾਰੀ ਸੀ?
- ਕੀ ਜਿਹੜੇ ਲੋਕ ਸੱਤਾ 'ਚ ਬੈਠੇ ਹਨ, ਉਹ ਇਸ ਅਪਰਾਧ ਦੇ ਦੋਸ਼ੀ ਨਹੀਂ?
- ਜਦੋਂ ਸਰਕਾਰ ਨੂੰ ਇਸ ਬਾਰੇ ਅਪ੍ਰੈਲ 2019 'ਚ ਜਾਣਕਾਰੀ ਸੀ ਤਾਂ ਇਸ ਨੂੰ ਗੁਪਤ ਕਿਉਂ ਰੱਖਿਆ ਗਿਆ?
- ਜਿਨ੍ਹਾਂ ਮੰਤਰੀਆਂ ਅਤੇ ਅਫ਼ਸਰਾਂ ਨੇ ਟੈਲੀਗ੍ਰਾਫ਼ ਐਕਟ ਅਤੇ ਆਈ.ਟੀ. ਐਕਟ ਦੇ ਵੱਖ-ਵੱਖ ਕਾਨੂੰਨਾਂ ਦਾ ਉਲੰਘਣਾ ਕੀਤਾ, ਉਨ੍ਹਾਂ ਵਿਰੁਧ ਕੀ ਐਕਸ਼ਨ ਲਿਆ ਜਾਵੇਗਾ?