
ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਇਹ ਘਟਨਾ ਕੋਂਟਾਈ ਕਸਬੇ ਤੋਂ 1.5 ਕਿਲੋਮੀਟਰ ਦੂਰ ਭੂਪਤੀਨਗਰ ਖੇਤਰ ਵਿਚ ਵਾਪਰੀ
ਕੋਲਕਾਤਾ: ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਵਿਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਦੀ ਰੈਲੀ ਵਾਲੀ ਥਾਂ ਨੇੜੇ ਹੋਏ ਧਮਾਕੇ ਵਿਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਇਹ ਘਟਨਾ ਕੋਂਟਾਈ ਕਸਬੇ ਤੋਂ 1.5 ਕਿਲੋਮੀਟਰ ਦੂਰ ਭੂਪਤੀਨਗਰ ਖੇਤਰ ਵਿਚ ਵਾਪਰੀ, ਜਿੱਥੇ ਟੀਐਮਸੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸ਼ਨੀਵਾਰ ਨੂੰ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਸਨ।
ਅਧਿਕਾਰੀ ਨੇ ਦੱਸਿਆ, ''ਸ਼ੁੱਕਰਵਾਰ ਰਾਤ ਕਰੀਬ 11.15 ਵਜੇ ਇਕ ਘਰ 'ਚ ਧਮਾਕਾ ਹੋਇਆ ਅਤੇ ਸ਼ਨੀਵਾਰ ਸਵੇਰੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਘਟਨਾ 'ਚ ਕੁਝ ਹੋਰ ਲੋਕ ਜ਼ਖਮੀ ਹੋਏ ਹਨ।'' ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ,''ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਪਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਵਿਚ ਕੱਚਾ ਘਰ ਉੱਡ ਗਿਆ”।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਲਈ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਕੇ ਨਮੂਨੇ ਇਕੱਤਰ ਕਰੇਗੀ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉਪ-ਪ੍ਰਧਾਨ ਦਲੀਪ ਘੋਸ਼ ਨੇ ਇਸ ਘਟਨਾ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ "ਰਾਜ ਵਿਚ ਸਿਰਫ਼ ਬੰਬ ਬਣਾਉਣ ਦਾ ਉਦਯੋਗ ਹੀ ਵਧ ਰਿਹਾ ਹੈ"।
ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੀਨੀਅਰ ਆਗੂ ਸੁਜਾਨ ਚੱਕਰਵਰਤੀ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਅਜਿਹੀਆਂ ਘਟਨਾਵਾਂ 'ਤੇ ਚੁੱਪ ਕਿਉਂ ਹੈ ਅਤੇ ਉਹਨਾਂ ਨੂੰ ਇਸ ਘਟਨਾ 'ਤੇ ਬਿਆਨ ਦੇਣਾ ਚਾਹੀਦਾ ਹੈ। ਟੀਐਮਸੀ ਦੇ ਸੂਬਾ ਜਨਰਲ ਸਕੱਤਰ ਕੁਨਾਲ ਘੋਸ਼ ਨੇ ਕਿਹਾ ਕਿ ਵਿਰੋਧੀ ਧਿਰ ਲਈ ਬਿਨ੍ਹਾਂ ਕਿਸੇ ਸਬੂਤ ਦੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ 'ਤੇ ਦੋਸ਼ ਲਗਾਉਣਾ ਬਹੁਤ ਆਸਾਨ ਹੈ।