
ਸੀਸੀਟੀਵੀ ਦੀਆਂ ਇਹ ਤਸਵੀਰਾਂ ਦਿੱਲੀ ਦੇ ਉਤਮ ਨਗਰ ਇਲਾਕੇ ਦੀਆਂ ਹਨ। ਜਿੱਥੇ ਇਕ ਵਿਅਕਤੀ ਨੇ 55 ਸਾਲਾਂ ਦੀ ਇਕ ਔਰਤ ਨੂੰ ਸ਼ਰ੍ਹੇਆਮ ਗੋਲੀ ਮਾਰ ਦਿਤੀ...
ਨਵੀਂ ਦਿੱਲੀ : ਸੀਸੀਟੀਵੀ ਦੀਆਂ ਇਹ ਤਸਵੀਰਾਂ ਦਿੱਲੀ ਦੇ ਉਤਮ ਨਗਰ ਇਲਾਕੇ ਦੀਆਂ ਹਨ। ਜਿੱਥੇ ਇਕ ਵਿਅਕਤੀ ਨੇ 55 ਸਾਲਾਂ ਦੀ ਇਕ ਔਰਤ ਨੂੰ ਸ਼ਰ੍ਹੇਆਮ ਗੋਲੀ ਮਾਰ ਦਿਤੀ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਰਮਾ ਦੇਵੀ ਅਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਘਰ ਦੇ ਬਾਹਰ ਕੁਰਸੀ 'ਤੇ ਬੈਠ ਕੇ ਅੱਗ ਸੇਕ ਰਹੀ ਸੀ। ਉਸੇ ਸਮੇਂ ਉਥੇ ਇਕ ਵਿਅਕਤੀ ਪੁੱਜਾ ਅਤੇ ਉਸ ਨੇ ਉਨ੍ਹਾਂ ਨੇ ਬਿਲਕੁਲ ਨੇੜੇ ਆ ਕੇ ਔਰਤ ਦੇ ਢਿੱਡ ਵਿਚ ਗੋਲੀ ਮਾਰ ਦਿਤੀ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਹਮਲਾਵਰ ਉਥੋਂ ਫ਼ਰਾਰ ਹੋ ਗਿਆ ਪਰ ਹਮਲਾਵਰ ਦੀ ਇਹ ਕਰਤੂਤ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਹਮਲਾਵਰ ਕਾਤਲ ਦੀ ਸ਼ਨਾਖ਼ਤ ਜ਼ਫ਼ਰ ਵਜੋਂ ਕੀਤੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਝ ਚਿਰ ਪਹਿਲਾਂ ਸ਼ਰਮਾ ਦੇਵੀ ਦੀ ਪੋਤਰੀ ਜ਼ਫ਼ਰ ਨਾਂਅ ਦੇ ਇਸ ਕਥਿਤ ਕਾਤਲ ਨਾਲ ਘਰੋਂ ਭੱਜ ਗਈ ਸੀ ਪਰ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੋਵਾਂ ਨੂੰ ਲੱਭ ਲਿਆ ਸੀ ਅਤੇ ਜ਼ਫ਼ਰ ਨੂੰ ਰੱਜ ਕੇ ਕੁਟਾਪਾ ਚਾੜ੍ਹਿਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੇ ਅਪਣੀ ਪੋਤਰੀ ਦਾ ਵਿਆਹ ਕਿਤੇ ਹੋਰ ਕਰ ਦਿਤਾ। ਪੁਲਿਸ ਨੇ ਦਾਅਵਾ ਕੀਤਾ ਕਿ ਮੁਢਲੀ ਜਾਂਚ ਵਿਚ ਇਹ ਬਦਲਾ ਲੈਣ ਦਾ ਹੀ ਮਾਮਲਾ ਜਾਪਦਾ ਹੈ। ਫਿਲਹਾਲ ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਕੋਸ਼ਿਸ਼ਾਂ ਵਿਚ ਲੱਗੀ ਹੈ।