
ਨਾਗਰਿਕਤਾ ਸੋਧ ਬਿਲ ਦੀ ਮਜ਼ਬੂਤ ਵਕਾਲਤ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਮਾਤਾ ਦੀਆਂ ਉਨ੍ਹਾਂ ਔਲਾਦਾਂ ਨਾਲ ਖੜੀ....
ਜੰਮੂ : ਨਾਗਰਿਕਤਾ ਸੋਧ ਬਿਲ ਦੀ ਮਜ਼ਬੂਤ ਵਕਾਲਤ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਮਾਤਾ ਦੀਆਂ ਉਨ੍ਹਾਂ ਔਲਾਦਾਂ ਨਾਲ ਖੜੀ ਰਹੇਗੀ ਜਿਨ੍ਹਾਂ ਨੇ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਅਤਿਆਚਾਰ ਦਾ ਸਾਹਮਣਾ ਕੀਤਾ ਹੈ। ਜੰਮੂ ਦੇ ਵਿਜਯਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ''ਮਾਂ ਭਾਰਤੀ ਦੀਆਂ ਕਈ ਸੰਤਾਨਾਂ ਨੇ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਅਤਿਆਚਾਰ ਦਾ ਸਾਹਮਣਾ ਕੀਤਾ ਹੈ। ਅਸੀਂ ਉਨ੍ਹਾਂ ਲੋਕਾਂ ਦੇ ਨਾਲ ਖੜੇ ਰਹਾਂਗੇ ਜੋ ਇਕ ਵੇਲੇ ਭਾਰਤ ਦਾ ਹਿੱਸਾ ਸਨ, ਪਰ 1947 ਵਿਚ ਵੰਡ ਕਾਰਨ ਸਾਡੇ ਤੋਂ ਵਿਛੜ ਗਏ।''
ਬਿਲ ਦਾ ਵਿਰੋਧ ਕਰਨ ਲਈ ਕਾਂਗਰਸ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿਚ ਸੀ ਤਾਂ ਉਸ ਨੇ ਸਾਡੇ ਭਰਾਵਾਂ ਅਤੇ ਭੈਣਾਂ ਦੇ ਦਰਦ ਵਲ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ, ''ਪਰ ਅਸੀਂ ਇਕ ਪ੍ਰਤਿਬੱਧਤਾ ਨਾਲ ਨਾਗਰਿਕਤਾ ਸੋਧ ਬਿਲ ਲਿਆਏ ਹਾਂ। ਜੇਕਰ ਧਰਮ ਦੇ ਆਧਾਰ 'ਤੇ ਉਨ੍ਹਾਂ ਨਾਲ ਵਿਤਕਰਾ ਹੁੰਦਾ ਹੈ ਤਾਂ ਦੇਸ਼ ਉਨ੍ਹਾਂ ਨਾਲ ਖੜਾ ਰਹੇਗਾ।'' ਮੋਦੀ ਨੇ ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦੇ ਹੋਏ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਸ੍ਰੀਨਗਰ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਟਰੋਲ ਰੇਖਾ ਕੋਲ ਸਰਜੀਕਲ ਸਟਰਾਈਕ ਕਰ ਕੇ ਭਾਰਤ ਨੇ ਅਤਿਵਾਦ ਨਾਲ ਨਜਿੱਠਣ ਲਈ ਦੁਨੀਆਂ ਨੂੰ ਅਪਣੀ
ਨਵੀਂ ਨੀਤੀ ਅਤੇ ਰੀਤ ਨਾਲ ਰੂ-ਬ-ਰੂ ਕਰਵਾਇਆ ਹੈ। ਦਹਿਸ਼ਤਗਰਦੀ ਫੈਲਾਉਣ ਵਾਲਿਆਂ ਅਤੇ ਮਾਸੂਮ ਨੌਜੁਆਲਾਂ ਦਾ ਕਤਲ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹਰ ਅਤਿਵਾਦੀ ਨੂੰ ਮੂੰਹਤੋੜ ਜਵਾਬ ਦੇਵੇਗਾ। (ਪੀਟੀਆਈ)