
ਨਫ਼ਰਤ ਦੀ ਰਾਜਨੀਤੀ ਦੀ ਥਾਂ ਉਮੀਦ ਦੀ ਰਾਜਨੀਤੀ ਦੀ ਲੋੜ : ਕਾਂਗਰਸ ਸੰਸਦ ਮੈਂਬਰ
ਨਵੀਂ ਦਿੱਲੀ : ਕਾਂਗਰਸ ਸਣੇ ਕੁੱਝ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਹੈ ਕਿ ਕੁੱਝ ਕੇਂਦਰੀ ਮੰਤਰੀ ਅਪਣੇ ਰਾਜਨੀਤਕ ਮਾਲਕਾਂ ਦੀ ਮੌਨ ਸਹਿਮਮਤੀ ਨਾਲ ਭੜਕਾਊ ਬਿਆਨ ਦੇ ਕੇ ਦੇਸ਼ ਨੂੰ ਫ਼ਿਰਕੂ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਕਾਰਨ ਵਿਰੋਧੀ ਪਾਰਟੀਆਂ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰ ਰਹੀਆਂ ਹਨ।
File Photo
ਉਧਰ, ਭਾਜਪਾ ਨੇ ਵਿਰੋਧੀ ਧਿਰਾਂ 'ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਅਤੇ ਫ਼ਤਵੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਸੰਸਦ ਦੇ ਦੋਹਾਂ ਸਦਨ ਦੀ ਸਾਂਝੀ ਬੈਠਕ ਵਿਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਮਤੇ ਸਬੰਧੀ ਲੋਕ ਸਭਾ ਵਿਚ ਚਰਚਾ ਵਿਚ ਹਿੱਸਾ ਲੈਂਦਿਆਂ ਕਾਂਗਰਸ ਦੇ ਗੌਰਵ ਗੋਗਈ ਨੇ ਦੋਸ਼ ਲਾਇਆ ਕਿ ਕੁੱਝ ਕੇਂਦਰੀ ਮੰਤਰੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੇਸ਼ ਵਿਚ ਨਫ਼ਰਤ ਦੀ ਰਾਜਨੀਤੀ ਦੀ ਥਾਂ ਉਮੀਦ ਦੀ ਰਾਜਨੀਤੀ ਦੀ ਲੋੜ ਹੈ।
File Photo
ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ ਜਿਹੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਦੀ ਬਜਾਏ ਅਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਚਰਚਾ ਦੀ ਸ਼ੁਰੂਆਤ ਕਰਦਿਆਂ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਸੱਭ ਤੋਂ ਉਪਰ ਹੈ ਪਰ ਇਹੋ ਸੰਵਿਧਾਨ ਲੋਕਾਂ ਦੇ ਫ਼ਤਵੇ ਨੂੰ ਵੀ ਸੱਭ ਤੋਂ ਉਪਰ ਦਸਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਰੇ ਧਰਮਾਂ ਅਤੇ ਸੂਬਿਆਂ ਦੀ ਸਰਕਾਰ ਹੈ।
File Photo
ਉਨ੍ਹਾਂ ਵਿਰੋਧੀ ਧਿਰਾਂ ਨੂੰ ਜੈ ਸ੍ਰੀ ਰਾਮ ਬੋਲਣ ਲਈ ਕਿਹਾ ਤਾਕਿ ਉਨ੍ਹਾਂ ਦੇ ਪਾਪ ਧੋਤੇ ਜਾ ਸਕਣ। ਕਾਂਗਰਸ ਦੇ ਗੋਗਈ ਨੇ ਕਿਹਾ, 'ਅੱਜ ਅਜਿਹੇ ਹਾਲਾਤ ਬਣ ਗਏ ਹਨ ਕਿ ਲੋਕ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਸੜਕਾਂ 'ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਹੀ ਅਖ਼ੀਰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਂਦੇ ਹਨ।
File Photo
ਉਨ੍ਹਾਂ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਇਤਰਾਜ਼ਯੋਗ ਬਿਆਨ ਦਾ ਅਸਿੱਧੇ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੰਤਰੀ ਨੇ ਭੜਕਾਉਣ ਵਾਲਾ ਬਿਆਨ ਦਿਤਾ ਜਿਸ ਮਗਰੋਂ ਦਿੱਲੀ ਵਿਚ ਨੌਜਵਾਨ ਨੇ ਗੋਲੀ ਚਲਾ ਦਿਤੀ। ਭਾਜਪਾ ਦੇ ਰਾਮਕ੍ਰਿਪਾਲ ਯਾਦਵ ਨੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਕਿਸੇ ਨਾਲ ਭੇਦਭਾਵ ਨਹੀਂ ਕਰਦੀ ਸਗੋਂ ਵਿਰੋਧੀ ਧਿਰ ਦੇ ਲੋਕ ਜਨਤਾ ਲਈ ਨਹੀਂ, ਸੱਤਾ ਲਈ ਕੰਮ ਕਰਦੇ ਹਨ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਦੇ ਹਨ।