
ਖਪਤਕਾਰ ਵਿਵਾਦ ਨਿਵਾਰਨ ਫੋਰਮ ਨੇ ਸੁਣਾਇਆ ਹੁਕਮ
ਚੰਡੀਗੜ੍ਹ : ਸ਼ਹਿਰ 'ਚ ਇਕ ਸਟੋਰ ਮਾਲਕ ਨੂੰ ਉਸ ਸਮੇਂ ਲੈਣੇ ਦੇ ਦੇਣੇ ਪੈ ਗਏ ਜਦੋਂ ਉਸ ਨੇ ਅਪਣੇ ਇਕ ਗ੍ਰਾਹਕ ਤੋਂ ਕੈਰੀਬੈਗ ਦੀ ਰਕਮ ਵਸੂਲ ਲਈ। ਗ੍ਰਾਹਕ ਦੀ ਸ਼ਿਕਾਇਤ ਤੋਂ ਬਾਅਦ ਖਪਤਕਾਰ ਵਿਵਾਦ ਨਿਵਾਰਨ ਫ਼ੋਰਮ ਨੇ ਸਟੋਰ ਨੂੰ ਜੁਰਮਾਨੇ ਦੇ ਨਾਲ-ਨਾਲ ਕੇਸ 'ਤੇ ਆਇਆ ਖ਼ਰਚਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
Photo
ਜ਼ੀਰਕਪੁਰ ਦੇ ਢਕੋਲੀ ਇਲਾਕੇ ਦੇ ਰਹਿਣ ਵਾਲੇ ਅਮਿਤ ਸ਼ਰਮਾ ਨੇ ਫੋਰਮ ਕੋਲ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼-1 ਵਿਖੇ ਸਥਿਤ ਏਲਾਂਤੇ ਮਾਲ ਵਿਚਲੇ ਇਕ ਅਨਲਿਮਟਿਡ ਸਟੋਰ ਖਿਲਾਫ਼ ਸ਼ਿਕਾਇਤ ਦਿਤੀ ਸੀ। ਸ਼ਿਕਾਇਤ ਮੁਤਾਬਕ ਉਨ੍ਹਾਂ ਨੇ 11 ਜੁਲਾਈ 2019 ਨੂੰ ਉਕਤ ਸਟੋਰ ਤੋਂ ਕੁੱਝ ਵਸਤਾਂ ਖ਼ਰੀਦੀਆਂ ਸਨ।
Photo
ਬਿੱਲ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਰੀਬੈਗ ਦੇ 7.25 ਪੈਸੇ ਦੇਣੇ ਪਏ ਹਨ। ਉਨ੍ਹਾਂ ਨੇ ਸਟੋਰ 'ਤੇ ਸੇਵਾ ਦੀ ਕੋਤਾਹੀ ਦਾ ਦੋਸ਼ ਲਾਉਂਦਿਆਂ ਫੋਰਮ ਕੋਲ ਸ਼ਿਕਾਇਤ ਕਰ ਦਿਤੀ। ਦੂਜੀ ਧਿਰ ਨੇ ਫੋਰਮ ਕੋਲ ਅਪਣਾ ਪੱਖ ਰਖਦਿਆਂ ਕਿਹਾ ਕਿ ਉਸ ਨੇ ਕੋਈ ਕੁਤਾਹੀ ਨਹੀਂ ਕੀਤੀ।
Photo
ਫੋਰਮ ਨੇ ਅਪਣੇ ਫ਼ੈਸਲੇ ਵਿਚ ਸਟੋਰ ਨੂੰ ਗ੍ਰਾਹਕ ਤੋਂ ਗ਼ਲਤ ਰੂਪ ਨਾਲ ਚਾਰਜ ਕੀਤੇ ਗਏ 7.25 ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿਤੇ। ਇਸ ਤੋਂ ਇਲਾਵਾ ਗ੍ਰਾਹਕ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਬਦਲੇ 500 ਰੁਪਏ ਮੁਆਵਜ਼ਾ ਅਤੇ 500 ਰੁਪਏ ਮੁਕੱਦਮਾ ਖ਼ਰਚ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
Photo
ਸਟੋਰ ਨੂੰ ਹੁਕਮ ਤੋਂ ਇਕ ਮਹੀਨੇ ਦੇ ਅੰਦਰ ਅੰਦਰ ਇਸ ਦਾ ਪਾਲਣਾ ਕਰਨੀ ਪਵੇਗੀ। ਅਜਿਹਾ ਨਾ ਕਰਨ ਦੀ ਸੂਰਤ 'ਚ ਸਟੋਰ ਨੂੰ ਰੀਫ਼ੰਡ ਅਤੇ ਮੁਆਵਜ਼ਾ ਰਾਸ਼ੀ 'ਤੇ 9 ਫ਼ੀ ਸਦੀ ਦੀ ਦਰ ਨਾਲ ਵਿਆਜ਼ ਵੀ ਦੇਣਾ ਪੈ ਸਕਦਾ ਹੈ। ਇਹ ਹੁਕਮ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਫੋਰਮ-1 ਵਲੋਂ ਸੁਣਾਏ ਗਏ ਹਨ।